ਕੈਲੀਫੋਰਨੀਆ: ਜੰਗਲੀ ਅੱਗਾਂ ''ਚ ਵਾਧੇ ਕਾਰਨ ਰਾਸ਼ਟਰੀ ਜੰਗਲ ਹੋਏ ਬੰਦ
Saturday, Aug 21, 2021 - 08:46 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਕੈਲੀਫੋਰਨੀਆ 'ਚ ਲੱਗੀ ਹੋਈ ਜੰਗਲੀ ਅੱਗ 'ਚ ਹੋ ਰਹੇ ਵਾਧੇ ਕਾਰਨ ਰਾਸ਼ਟਰੀ ਜੰਗਲਾਂ (ਨੈਸ਼ਨਲ ਫੌਰੈਸਟ) ਨੂੰ ਵੀ ਬੰਦ ਕੀਤਾ ਜਾ ਰਿਹਾ ਹੈ। ਯੂ.ਐੱਸ. ਫੌਰੈਸਟ ਸਰਵਿਸ ਨੇ ਵੀਰਵਾਰ ਨੂੰ ਘੋਸ਼ਣਾ ਕਰਦਿਆਂ ਦੱਸਿਆ ਕਿ 22 ਅਗਸਤ ਤੋਂ ਪੱਛਮ ਵੱਲ ਨੇਵਾਡਾ ਸਰਹੱਦ 'ਤੇ ਲੇਕ ਟਾਹੋ ਦੇ ਨਜ਼ਦੀਕ 9 ਰਾਸ਼ਟਰੀ ਜੰਗਲਾਂ ਨੂੰ ਬੰਦ ਕੀਤਾ ਜਾਵੇਗਾ, ਜੋ ਕਿ ਉੱਤਰ ਵੱਲ ਓਰੇਗਨ ਸਰਹੱਦ ਤੱਕ ਫੈਲੇ ਹੋਏ ਹਨ ਅਤੇ 1 ਮਿਲੀਅਨ ਏਕੜ ਜ਼ਮੀਨ ਘੇਰਦੇ ਹਨ।
ਇਹ ਵੀ ਪੜ੍ਹੋ : ਸੁਖਮੀਤ ਡਿਪਟੀ ਕਤਲ ਕਾਂਡ 'ਚ ਵੱਡਾ ਖੁਲਾਸਾ, ਵਿਦੇਸ਼ ਬੈਠੇ ਗੈਂਗਸਟਰ ਗੌਰਵ ਨੇ ਰਚੀ ਸੀ ਕਤਲ ਦੀ ਸਾਜਿਸ਼
ਐਲਡੋਰਾਡੋ ਰਾਸ਼ਟਰੀ ਜੰਗਲ ਨੂੰ ਪਹਿਲਾਂ ਹੀ ਕੈਲਡੋਰ ਫਾਇਰ ਦੇ ਕਾਰਨ ਬੰਦ ਕਰ ਦਿੱਤਾ ਗਿਆ ਸੀ, ਜਿਸ ਨੇ 100 ਵਰਗ ਮੀਲ (259 ਵਰਗ ਕਿਲੋਮੀਟਰ) ਜ਼ਮੀਨ ਨੂੰ ਤਬਾਹ ਕਰ ਦਿੱਤਾ ਸੀ। ਕੈਲੀਫੋਰਨੀਆ 'ਚ ਦਰਖਤਾਂ, ਸੁੱਕੇ ਘਾਹ ਆਦਿ ਨੇ ਜੰਗਲੀ ਅੱਗਾਂ ਨੂੰ ਵਧਾਇਆ ਹੈ। ਇੱਕ ਦਰਜਨ ਦੇ ਕਰੀਬ ਅੱਗਾਂ ਨੇ ਹਜ਼ਾਰਾਂ ਘਰਾਂ ਨੂੰ ਖਤਰੇ 'ਚ ਪਾ ਦਿੱਤਾ ਹੈ ਅਤੇ ਹਜ਼ਾਰਾਂ ਵਸਨੀਕਾਂ ਨੂੰ ਘਰ ਖਾਲੀ ਕਰਨ ਲਈ ਮਜ਼ਬੂਰ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਸ਼ਹਿਰ 'ਚ ਐੱਚ.ਆਈ.ਵੀ. ਦੇ ਕੇਸਾਂ 'ਚ ਹੋਇਆ ਵਾਧਾ
ਇਸ ਤੋਂ ਇਲਾਵਾ ਅਧਿਕਾਰੀਆਂ ਨੇ ਦੱਸਿਆ ਕਿ ਉੱਤਰੀ ਸੀਅਰਾ, ਨੇਵਾਡਾ ਅਤੇ ਦੱਖਣੀ ਕੈਸਕੇਡਜ਼ 'ਚ 13 ਜੁਲਾਈ ਤੋਂ ਭੜਕ ਰਹੀ ਡਿਕਸੀ ਅੱਗ ਲਗਭਗ 1,060 ਵਰਗ ਮੀਲ (2,745 ਵਰਗ ਕਿਲੋਮੀਟਰ) ਤੱਕ ਵਧ ਗਈ ਅਤੇ ਇਸ 'ਤੇ ਸਿਰਫ 35% ਕਾਬੂ ਪਾਇਆ ਗਿਆ। ਮੌਸਮ ਵਿਗਿਆਨੀਆਂ ਦੇ ਅਨੁਸਾਰ ਜਲਵਾਯੂ ਤਬਦੀਲੀ ਨੇ ਪਿਛਲੇ 30 ਸਾਲਾਂ 'ਚ ਅਮਰੀਕਾ ਦੇ ਪੱਛਮੀ ਖੇਤਰ ਨੂੰ ਗਰਮ ਅਤੇ ਸੁੱਕਾ ਬਣਾ ਦਿੱਤਾ ਹੈ। ਇਸ ਲਈ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਰਾਸ਼ਟਰੀ ਜੰਗਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।