ਨਾਸਾ ਨੇ ‘ਮਾਰਸ ਮੇਵੇਨ’ ਪੁਲਾੜ ਯਾਨ ਨੂੰ ਕਾਰਜਹੀਣ ਐਲਾਨਿਆ

Thursday, Jun 04, 2026 - 10:38 PM (IST)

ਨਾਸਾ ਨੇ ‘ਮਾਰਸ ਮੇਵੇਨ’ ਪੁਲਾੜ ਯਾਨ ਨੂੰ ਕਾਰਜਹੀਣ ਐਲਾਨਿਆ

ਕੇਪ ਕੇਨਵਰਲ - ਨਾਸਾ ਨੇ ਮੰਗਲ ਗ੍ਰਹਿ ਦੇ ਮਿਸ਼ਨ ’ਤੇ ਗਏ ਆਪਣੇ ਪੁਲਾੜ ਯਾਨ ‘ਮਾਰਸ ਮੇਵੇਨ’ ਨਾਲ 6 ਮਹੀਨਿਆਂ ਤੱਕ ਕੋਈ ਸੰਪਰਕ ਨਾ ਹੋਣ ਤੋਂ ਬਾਅਦ ਉਸ ਨੂੰ ਕਾਰਜਹੀਣ (ਅਕਿਰਿਆਸ਼ੀਲ) ਐਲਾਨ ਦਿੱਤਾ ਹੈ।

ਪੁਲਾੜ ਏਜੰਸੀ ਨੇ ਬੁੱਧਵਾਰ ਨੂੰ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਚੱਲੇ ਇਸ ਮਿਸ਼ਨ ਦੇ ਖ਼ਤਮ ਹੋਣ ਦੀ ਪੁਸ਼ਟੀ ਕੀਤੀ। ਨਾਸਾ ਦੇ ਪ੍ਰਾਜੈਕਟ ਮੈਨੇਜਰ ਮਾਈਕ ਮੋਰੋ ਨੇ ਦੱਸਿਆ, ‘‘ਇਸ ਮੁਹਿੰਮ ਦੇ ਖਤਮ ਹੋਣ ਨਾਲ ਟੀਮ ਨੂੰ ਸੱਚਮੁੱਚ ਆਪਣੇ ਕਿਸੇ ਪਿਆਰੇ ਨੂੰ ਖੋਹਣ ਵਰਗਾ ਦੁੱਖ ਹੋਇਆ ਹੈ।’’ ਮੰਗਲ ਗ੍ਰਹਿ ਦੇ ਵਾਯੂਮੰਡਲ ਦਾ ਅਧਿਐਨ ਕਰਨ ਲਈ 2013 ਵਿਚ ਲਾਂਚ ਕੀਤੇ ਗਏ ‘ਮੇਵੇਨ’ ਪੁਲਾੜ ਯਾਨ ਦਾ ਮੰਗਲ ਗ੍ਰਹਿ ਦੇ ਪਿੱਛੋਂ ਲੰਘਦੇ ਸਮੇਂ ਦਸੰਬਰ ਦੀ ਸ਼ੁਰੂਆਤ ’ਚ ਰਹੱਸਮਈ ਤਰੀਕੇ ਨਾਲ ਸੰਪਰਕ ਟੁੱਟ ਗਿਆ ਸੀ।

ਨਾਸਾ ਵੱਲੋਂ ਜਾਰੀ ਅੰਕੜਿਆਂ ਵਿਚ ਸਾਹਮਣੇ ਆਇਆ ਹੈ ਕਿ ਪੁਲਾੜ ਯਾਨ ਤੇਜ਼ ਗਤੀ ਨਾਲ ਘੁੰਮਣ ਲੱਗਾ, ਜਿਸ ਕਾਰਨ ਉਸ ਦਾ ਪੰਧ ਪ੍ਰਭਾਵਿਤ ਹੋਇਆ ਅਤੇ ਉਸ ਵਿਚ ਲੱਗੀਆਂ ਬੈਟਰੀਆਂ ਖ਼ਤਮ ਹੋ ਗਈਆਂ। ਇਸ ਸਾਲ ਦੀ ਸ਼ੁਰੂਆਤ ਵਿਚ ਨਾਸਾ ਵੱਲੋਂ ਗਠਿਤ ਕੀਤੇ ਗਏ ਇਕ ਸਮੀਖਿਆ ਬੋਰਡ ਨੇ ਸਿੱਟਾ ਕੱਢਿਆ ਕਿ ਪੁਲਾੜ ਯਾਨ ਕਾਰਜਹੀਣ ਹੋ ਗਿਆ ਹੈ ਅਤੇ ਇਸ ਨੂੰ ਵਾਪਸ ਠੀਕ ਨਹੀਂ ਕੀਤਾ ਜਾ ਸਕਦਾ। ਬੋਰਡ ਨੇ ਉਮੀਦ ਪ੍ਰਗਟਾਈ ਕਿ ਇਹ ਅਗਲੇ 50 ਤੋਂ 100 ਸਾਲਾਂ ਤੱਕ ਮੰਗਲ ਗ੍ਰਹਿ ਦੇ ਪੰਧ ਵਿਚ ਰਹੇਗਾ ਅਤੇ ਫਿਰ ਉਸ ਨਾਲ ਟਕਰਾਅ ਜਾਵੇਗਾ, ਜਿਸ ਨਾਲ ਉਦੋਂ ਤੱਕ ਹੋਰ ਪੁਲਾੜ ਯਾਨਾਂ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ।
 


author

Inder Prajapati

Content Editor

Related News