BBC ਮਾਣਹਾਨੀ ਕੇਸ ''ਚ ਟਰੰਪ ਨੂੰ ਵੱਡਾ ਝਟਕਾ: ਅਦਾਲਤ ਨੇ ਬਿਆਨ ਲਈ ਤੈਅ ਕੀਤੀ ਡੈੱਡਲਾਈਨ

Friday, Oct 23, 2026 - 03:00 AM (IST)

BBC ਮਾਣਹਾਨੀ ਕੇਸ ''ਚ ਟਰੰਪ ਨੂੰ ਵੱਡਾ ਝਟਕਾ: ਅਦਾਲਤ ਨੇ ਬਿਆਨ ਲਈ ਤੈਅ ਕੀਤੀ ਡੈੱਡਲਾਈਨ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ 'ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ' (BBC) ਖ਼ਿਲਾਫ਼ ਦਾਇਰ 10 ਅਰਬ ਡਾਲਰ ਦੇ ਮਾਣਹਾਨੀ ਮੁਕੱਦਮੇ ਵਿੱਚ ਅਮਰੀਕਾ ਦੀ ਇੱਕ ਸੰਘੀ ਅਦਾਲਤ ਵੱਲੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਟਰੰਪ ਨੂੰ ਇਸ ਮਾਮਲੇ 'ਚ ਆਪਣਾ ਬਿਆਨ (ਡਿਪੋਜ਼ੀਸ਼ਨ) ਦਰਜ ਕਰਵਾਉਣ ਲਈ 11 ਦਿਸੰਬਰ ਤੱਕ ਦੀ ਆਖ਼ਰੀ ਡੈੱਡਲਾਈਨ ਤੈਅ ਕਰ ਦਿੱਤੀ ਹੈ। ਅਮਰੀਕੀ ਮੈਜਿਸਟ੍ਰੇਟ ਜੱਜ ਐਂਜਲਿਕ ਲੇਟ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਟਰੰਪ ਨਿਰਧਾਰਿਤ ਤਾਰੀਖ਼ ਤੱਕ ਬਿਆਨ ਦਰਜ ਨਹੀਂ ਕਰਵਾਉਂਦੇ, ਤਾਂ ਉਨ੍ਹਾਂ ਦਾ ਮੁਕੱਦਮਾ ਰੱਦ ਵੀ ਕੀਤਾ ਜਾ ਸਕਦਾ ਹੈ।

ਸੰਘੀ ਜੱਜ ਦਾ ਇਹ ਹੁਕਮ BBC ਦੇ ਵਕੀਲਾਂ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਆਇਆ ਹੈ। BBC ਦੇ ਵਕੀਲ ਚਾਰਲਸ ਟੋਬਿਨ ਨੇ ਅਦਾਲਤ ਵਿੱਚ ਦੱਸਿਆ ਕਿ ਮਾਮਲੇ ਦੀ ਜਾਂਚ ਅਤੇ ਸਬੂਤ ਸਾਂਝੇ ਕਰਨ ਦੀ ਮਿਆਦ ਖ਼ਤਮ ਹੋਣ ਵਿੱਚ ਦੋ ਮਹੀਨੇ ਹੀ ਬਾਕੀ ਹਨ, ਪਰ ਹਾਲੇ ਤੱਕ ਟਰੰਪ ਦਾ ਬਿਆਨ ਦਰਜ ਨਹੀਂ ਹੋ ਸਕਿਆ ਹੈ। 

BBC ਦੇ ਵਕੀਲ ਨੇ ਦੋਸ਼ ਲਗਾਇਆ ਕਿ ਟਰੰਪ ਦੇ ਬਿਆਨ ਲਈ ਪਹਿਲਾਂ 16 ਅਕਤੂਬਰ ਦੀ ਤਾਰੀਖ਼ ਤੈਅ ਕੀਤੀ ਗਈ ਸੀ। ਹਾਲਾਂਕਿ, ਟਰੰਪ ਨੇ 'ਰਾਸ਼ਟਰੀ ਮਹੱਤਵ ਦੇ ਮੁੱਦਿਆਂ' ਦਾ ਹਵਾਲਾ ਦਿੰਦੇ ਹੋਏ ਉਸ ਦਿਨ ਪੇਸ਼ ਹੋਣ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਅਸਲ ਵਿੱਚ ਉਹ ਉਸ ਦਿਨ ਜਾਰਜੀਆ ਵਿੱਚ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰ ਰਹੇ ਸਨ। ਵਕੀਲ ਅਨੁਸਾਰ ਟਰੰਪ ਨੇ ਕਾਨੂੰਨੀ ਪ੍ਰਕਿਰਿਆ ਵਿੱਚ ਬਿਆਨ ਦੇਣ ਦੀ ਬਜਾਏ ਸਿਆਸਤ ਨੂੰ ਪਹਿਲ ਦਿੱਤੀ।

ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਨੇ ਬੀਤੇ ਸਾਲ ਦਸੰਬਰ ਵਿੱਚ BBC ਖ਼ਿਲਾਫ਼ ਇਹ ਮੁਕੱਦਮਾ ਦਾਇਰ ਕੀਤਾ ਸੀ। ਉਨ੍ਹਾਂ ਨੇ BBC ਵੱਲੋਂ ਬਣਾਈ ਗਈ ਡੌਕੂਮੈਂਟਰੀ 'Trump: A Second Chance' ਨੂੰ ਲੈ ਕੇ ਮਾਣਹਾਨੀ, ਧੋਖਾਧੜੀ ਅਤੇ ਅਨੁਚਿਤ ਵਪਾਰਕ ਵਿਵਹਾਰ ਦੇ ਦੋਸ਼ ਲਗਾਉਂਦੇ ਹੋਏ 10 ਅਰਬ ਡਾਲਰ ਦੇ ਹਰਜਾਨੇ ਦੀ ਮੰਗ ਕੀਤੀ ਸੀ। ਅਦਾਲਤ ਅਨੁਸਾਰ ਇਸ ਕੇਸ ਦੀ ਡਿਸਕਵਰੀ ਪ੍ਰਕਿਰਿਆ 18 ਦਸੰਬਰ ਨੂੰ ਖ਼ਤਮ ਹੋਣ ਵਾਲੀ ਹੈ, ਜਿਸ ਦੌਰਾਨ ਦੋਵੇਂ ਪੱਖ ਇੱਕ-ਦੂਜੇ ਨਾਲ ਦਸਤਾਵੇਜ਼ ਅਤੇ ਸਬੂਤ ਸਾਂਝੇ ਕਰਦੇ ਹਨ।


author

Inder Prajapati

Content Editor

Related News