ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਕੱਢੇ ਗਏ ਨਗਰ ਕੀਰਤਨ ''ਤੇ ਛਾਇਆ ਖਾਲਸਾਈ ਰੰਗ

Saturday, Nov 01, 2025 - 11:56 PM (IST)

ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ ਵੱਲੋਂ ਕੱਢੇ ਗਏ ਨਗਰ ਕੀਰਤਨ ''ਤੇ ਛਾਇਆ ਖਾਲਸਾਈ ਰੰਗ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਸਥਾਨਕ ਗੁਰਦੁਆਰਾ ਨਾਨਕ ਪ੍ਰਕਾਸ਼ ਫਰਿਜ਼ਨੋ, ਜਿਹੜਾ ਕਿ ਦਮਦਮੀ ਟਕਸਾਲ ਦੀ ਰਹਿਨੁਮਾਈ ਹੇਠ ਸੇਵਾਵਾਂ ਦੇ ਰਿਹਾ ਹੈ, ਵੱਲੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖ ਕੇ ਸਾਲਾਨਾ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਰੰਗ-ਬਿਰੰਗੇ ਦੁਪੱਟਿਆਂ ਤੇ ਦਸਤਾਰਾਂ ਨਾਲ ਇੱਕ ਤਰ੍ਹਾਂ ਦਾ ਪੂਰਾ ਫਰਿਜ਼ਨੋ ਸ਼ਹਿਰ ਹੀ ਖਾਲਸਾਈ ਰੰਗ ਵਿੱਚ ਰੰਗਿਆ ਪ੍ਰਤੀਤ ਹੋਇਆ। ਗੁਰੂ ਘਰ ਅੰਦਰ ਬਾਣੀ ਦੇ ਪ੍ਰਵਾਹ ਚੱਲ ਰਹੇ ਸਨ। ਇਸ ਮੌਕੇ ਲੱਗੇ ਤਰ੍ਹਾਂ-ਤਰ੍ਹਾਂ ਦੇ ਲੰਗਰ ਅਤੇ ਸਟਾਲ ਕਿਸੇ ਪੰਜਾਬ ਦੇ ਇਤਿਹਾਸਕ ਸਥਾਨ ਦਾ ਭੁਲੇਖਾ ਪਾ ਰਹੇ ਸਨ। ਵੱਖੋ-ਵੱਖ ਝਾਕੀਆਂ ਨਾਲ ਸਜਾਏ ਫਲੋਟ ਸਿੱਖ ਇਤਿਹਾਸ ਨੂੰ ਆਪਣੇ ਤਰੀਕੇ ਨਾਲ ਦਰਸਾਉਂਦੇ ਨਗਰ ਕੀਰਤਨ ਵਿੱਚ ਵੱਖਰਾ ਰੰਗ ਬਿਖੇਰ ਰਹੇ ਸਨ। ਇਸ ਮੌਕੇ ਬਹੁਤ ਸਾਰੇ ਢਾਡੀ ਜੱਥੇ, ਕੀਰਤਨੀਏ ਜੱਥੇ, ਕਥਾਵਾਚਕ ਅਤੇ ਬੁਲਾਰੇ ਵੀ ਫਲੋਟਾਂ ਤੋਂ ਹਾਜ਼ਰੀ ਲਵਾ ਰਹੇ ਸਨ।

ਇਹ ਵੀ ਪੜ੍ਹੋ : ਅਮਰੀਕਾ ’ਚ ਸ਼ਟਡਾਊਨ ਦਾ ਅਸਰ ਜਾਰੀ, ਹਵਾਈ ਆਵਾਜਾਈ ਪ੍ਰਭਾਵਿਤ

PunjabKesari

ਨਗਰ ਕੀਰਤਨ ਪੈਂਡਾ ਤਹਿ ਕਰਦਾ ਫਾਊਲਰ ਸ਼ਹਿਰ ਦੇ ਪਾਰਕ ਵਿੱਚ ਪਹੁੰਚਿਆ। ਇਸ ਪੜਾਅ ਦੌਰਾਨ ਗੁਰੂਘਰ ਦੇ ਸੇਵਾਦਾਰ ਭਾਈ ਜਗਰੂਪ ਸਿੰਘ ਨੇ ਜਿੱਥੇ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ, ਉਥੇ ਉਹਨਾਂ ਟਰੱਕਿੰਗ ਨਾਲ ਸਬੰਧਿਤ ਸਮੱਸਿਆਵਾਂ, ਜਿਵੇਂ ਐਕਸੀਡੈਂਟਾਂ ਤੇ ਲੋਡ ਚੋਰੀ ਵਿੱਚ ਆ ਰਹੇ ਪੰਜਾਬੀ ਨਾਵਾਂ 'ਤੇ ਵੀ ਚਿੰਤਾ ਪ੍ਰਗਟਾਈ ਅਤੇ ਉਹਨਾਂ ਕਿਹਾ ਕਿ ਸਾਨੂੰ ਗੁਰੂ ਘਰਾਂ ਅੰਦਰ ਮੀਟਿੰਗਾਂ ਕਰਕੇ ਇਹਨਾਂ ਟਰੱਕਿੰਗ ਨਾਲ ਸਬੰਧਿਤ ਮੁੱਦਿਆਂ 'ਤੇ ਵਿਚਾਰ ਕਰਨੀ ਚਾਹੀਦੀ ਹੈ। ਇਸ ਮੌਕੇ ਮੀਡੀਏ ਵਿੱਚ ਸੇਵਾਵਾਂ ਦੇਣ ਬਦਲੇ ਟੀਵੀ ਹੋਸਟ ਜੋਤ ਰਣਜੀਤ ਕੌਰ ਦਾ ਸਟੇਜ ਤੋਂ ਸ਼ੀਡਲ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਜੋਤ ਰਣਜੀਤ ਕੌਰ ਨੇ ਸਟੇਜ ਤੋਂ ਸੰਗਤ ਨੂੰ ਗੁਰੂ ਪਾਤਸ਼ਾਹ ਦੇ ਆਗਮਨ ਪੁਰਬ ਦੀ ਵਧਾਈ ਦਿੱਤੀ ਅਤੇ ਗੁਰੂ ਘਰ ਦੀ ਕਮੇਟੀ ਦਾ ਮਾਣ-ਸਨਮਾਨ ਦੇਣ ਲਈ ਧੰਨਵਾਦ ਕੀਤਾ। ਅਖੀਰ ਅਮਿੱਟ ਯਾਦਾਂ ਛੱਡਦਾ ਇਹ ਨਗਰ ਕੀਰਤਨ ਯਾਦਗਾਰੀ ਹੋ ਨਿੱਬੜਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News