ਇਟਲੀ ''ਚ ''ਸ਼ਹੀਦਾਂ ਦੇ ਸਿਰਤਾਜ'' ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Monday, Jun 17, 2024 - 03:14 PM (IST)

ਇਟਲੀ ''ਚ ''ਸ਼ਹੀਦਾਂ ਦੇ ਸਿਰਤਾਜ'' ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮਿਲਾਨ ਇਟਲੀ (ਸਾਬੀ ਚੀਨੀਆ, ਦਲਬੀਰ ਕੈਂਥ)- ਪੰਚਮ ਪਾਤਸ਼ਾਹੀ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਵੱਲੋਂ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਵਿਸ਼ੇਸ਼ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਇਟਲੀ ਦੀ ਰਾਜਧਾਨੀ ਰੋਮ ਦੇ ਨੇੜਲੇ ਕਸਬੇ ਸਬਾਊਦੀਆ ਵਿਖੇ 22ਵਾਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਦੱਸਣਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਸਬਾਊਦੀਆ ਦੀਆਂ ਸੰਗਤਾਂ ਵੱਲੋਂ ਜੂਨ ਮਹੀਨੇ ਹਰ ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਬੰਧਤ ਨਗਰ ਕੀਰਤਨ ਸਜਾਏ ਜਾਂਦੇ ਹਨ। ਨਗਰ ਕੀਰਤਨ ਦੀ ਆਰੰਭਤਾ ਗੁਰਦੁਆਰਾ ਸਾਹਿਬ ਤੋਂ ਪੰਜ ਨਿਸ਼ਾਨਚੀ ਸਿੰਘਾਂ, ਪੰਜ ਪਿਆਰਿਆਂ ਦੀ ਅਗਵਾਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਹੋਈ। ਰਸਤਿਆਂ ਵਿਚ ਵੱਖ ਵੱਖ ਥਾਵਾਂ 'ਤੇ ਸੰਗਤਾਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ।

PunjabKesari

ਇਸ ਉਪਰੰਤ ਨਗਰ ਕੌਂਸਲਰ ਦੇ ਦਫ਼ਤਰ ਮੂਹਰੇ ਸਜਾਏ ਗਏ ਵਿਸ਼ਾਲ ਪੰਡਾਲ ਹਾਲ ਵਿਚ ਸੰਗਤਾਂ ਨੇ ਬੈਠ ਕੇ ਇਲਾਹੀ ਗੁਰਬਾਣੀ ਤੇ ਕੀਰਤਨ ਸਰਵਣ ਕੀਤਾ। ਇਸ ਦੌਰਾਨ ਭਾਈ ਸਤਪਾਲ ਸਿੰਘ ਜੀ ਗਰਚਾ ਭਾਈ ਸਰਬਜੀਤ ਸਿੰਘ ਮਾਣਕਪੁਰੀ ਅਤੇ ਸਾਥੀਆਂ ਵੱਲੋਂ ਆਈਆਂ ਹੋਈਆਂ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬੀਬੀ ਇੰਦਰਜੀਤ ਕੌਰ ਢਿੱਲੋਂ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਸਥਾਨਕ ਸ਼ਹਿਰ ਦੇ ਮੇਅਰ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਤ ਕੀਤਾ ਗਿਆ। ਬੀਬੀ ਇੰਦਰਜੀਤ ਕੌਰ ਢਿੱਲੋਂ ਨੇ ਸੰਗਤ ਨੂੰ ਜਾਣਕਾਰੀ ਦਿੱਤੀ ਕਿ ਸਬਾਊਦੀਆ ਦੇ ਨਵੇਂ ਬਣ ਰਹੇ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੇ ਕਾਰਜ ਆਰੰਭ ਹੋ ਚੁੱਕੇ ਹਨ ਅਤੇ ਇਹ ਜਲਦ ਸੰਗਤ ਦੇ ਦਰਸ਼ਨ ਦੀਦਾਰਿਆਂ ਲਈ ਖੋਲ੍ਹੇ ਜਾਣਗੇ। ਇਸ ਦੌਰਾਨ ਨਿਹੰਗ ਸਿੰਘਾਂ ਵੱਲੋਂ ਵੀ ਹਾਜ਼ਰੀਆਂ ਭਰੀਆਂ ਗਈਆਂ। ਨੌਜਵਾਨਾਂ ਵੱਲੋਂ ਅੱਤ ਦੀ ਗਰਮੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੰਗਤਾਂ ਲਈ ਜਿੱਥੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਗਈਆਂ।

PunjabKesari

PunjabKesari


author

DIsha

Content Editor

Related News