ਸਰੀ 'ਚ ਸਜਾਇਆ ਗਿਆ ਨਗਰ ਕੀਰਤਨ, ਬੀ. ਸੀ. ਦੇ ਪ੍ਰੀਮੀਅਰ ਜੌਨ ਹਾਰਗਨ ਨੇ ਭਰੀ ਹਾਜ਼ਰੀ
Monday, Apr 23, 2018 - 12:46 PM (IST)
ਸਰੀ— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ 'ਚ ਸ਼ਨੀਵਾਰ ਨੂੰ ਖਾਲਸਾ ਪੰਥ ਦਾ ਸਾਜਨਾ ਦਿਵਸ ਬਹੁਤ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਇਸ 'ਚ ਲਗਭਗ 500,000 ਸੰਗਤ ਨੇ ਸ਼ਿਰਕਤ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਸਜਾਈ ਗਈ ਪਾਲਕੀ ਦੀ ਸ਼ੋਭਾ ਦੇਖਦਿਆਂ ਹੀ ਬਣਦੀ ਸੀ। ਸੰਗਤ ਦੀ ਮਦਦ ਲਈ ਅਤੇ ਸੁਰੱਖਿਆ ਲਈ ਵੱਡੀ ਗਿਣਤੀ 'ਚ ਕੈਨੇਡੀਅਨ ਪੁਲਸ ਹਾਜ਼ਰ ਸੀ। 'ਵਾਹਿਗੁਰੂ-ਵਾਹਿਗੁਰੂ' ਦਾ ਜਾਪ ਕਰਦੀਆਂ ਸੰਗਤਾਂ ਸਰੀ ਸ਼ਹਿਰ ਦੇ ਟਾਊਨ ਨਿਊਟਨ ਤੋਂ ਸਵੇਰੇ 9 ਵਜੇ ਚੱਲੀਆਂ। ਕੈਨੇਡੀਅਨ ਮੂਲ ਨਿਵਾਸੀਆਂ ਨੇ ਅਰਦਾਸ ਕੀਤੀ ਅਤੇ ਸਿੱਖ ਬੱਚਿਆਂ ਨੇ ਗਤਕੇ ਦੇ ਜੌਹਰ ਦਿਖਾਏ। ਕੈਨੇਡੀਅਨ ਫੌਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਲਾਮੀ ਦਿੱਤੀ। ਸ਼ਾਮ ਤਕ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਨਗਰ ਕੀਰਤਨ 'ਚ ਹਿੱਸਾ ਲੈਣ ਲਈ ਵਿਦੇਸ਼ਾਂ ਤੋਂ ਵੀ ਸੰਗਤਾਂ ਪੁੱਜੀਆਂ ਸਨ। ਇਸ ਦੇ ਨਾਲ ਹੀ ਇਸ ਮੌਕੇ ਕਈ ਸਿਆਸਤਦਾਨ ਵੀ ਪੁੱਜੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹਾਰਗਨ (ਐੱਨ. ਡੀ. ਪੀ. ਦੇ ਨੇਤਾ), ਕੈਬਨਿਟ ਮੰਤਰੀ ਹੈਰੀ ਬੈਂਸ, ਵਿਧਾਇਕ ਰਚਨਾ ਸਿੰਘ ਅਤੇ ਕਈ ਹੋਰ ਸਿਆਸੀ ਮੈਂਬਰਾਂ ਨੇ ਨਗਰ ਕੀਰਤਨ 'ਚ ਹਾਜ਼ਰੀ ਲਗਵਾਈ। ਜੌਨ ਹਾਰਗਨ ਨੇ ਪੰਜਾਬੀ 'ਚ ਵਿਸਾਖੀ ਦੀਆਂ 'ਲੱਖ-ਲੱਖ ਵਧਾਈਆਂ' ਦਿੱਤੀਆਂ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਧਾਰਮਿਕ ਸਮਾਗਮ 'ਚ ਆ ਕੇ ਬਹੁਤ ਚੰਗਾ ਲੱਗ ਰਿਹਾ ਹੈ। ਉਨ੍ਹਾਂ ਨੇ ਟਵਿੱਟਰ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਸ਼ਹਿਰ ਸਰੀ 'ਚ ਹਰ ਸਾਲ ਵਿਸ਼ਾਲ ਨਗਰ ਕੀਰਤਨ ਸਜਾਇਆ ਜਾਂਦਾ ਹੈ ਅਤੇ ਇਸ ਵਾਰ ਇਸ 'ਚ 5 ਲੱਖ ਸੰਗਤ ਨੇ ਹਾਜ਼ਰੀ ਲਗਵਾਈ। ਸਾਰੇ ਪ੍ਰਬੰਧ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੇ ਗਏ ਸਨ। ਸੰਗਤ ਦਾ ਵਿਸ਼ਾਲ ਇਕੱਠ ਹੋਣ ਕਾਰਨ ਕਈ ਪਰਿਵਾਰ ਵਾਲੇ ਵਿੱਛੜ ਜਾਂਦੇ ਹਨ ਅਤੇ ਉਨ੍ਹਾਂ ਦੀ ਸੁਵਿਧਾ ਲਈ ਕਈ ਮਦਦ ਕੇਂਦਰ ਬਣਾਏ ਗਏ ਸਨ। ਲਗਭਗ 10 ਤੋਂ 12 ਘੰਟਿਆਂ ਤਕ ਲੰਗਰ ਸੇਵਾ ਚਲਾਈ ਗਈ। ਵਲੰਟੀਅਰਜ਼, ਸਿੱਖ ਸੰਗਤਾਂ, ਪੁਲਸ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਮਦਦ ਨਾਲ ਸਰੀ 'ਚ ਵਿਸ਼ਾਲ ਨਗਰ ਕੀਰਤਨ ਸਫਲਤਾ ਪੂਰਵਕ ਸਜਾਇਆ ਗਿਆ।