ਸ਼ਰਾਬ ਦੇ ਠੇਕੇਦਾਰਾਂ ਦੀ ਸੇਲ ਖ਼ਰਾਬ ਕਰਨ ਲਈ ਚੰਡੀਗੜ੍ਹ ਤੋਂ ਆਈ ਮਹਿੰਗੀ ਸ਼ਰਾਬ, 15 ਤਰ੍ਹਾਂ ਦੇ ਵੱਡੇ ਬ੍ਰਾਂਡ ਸ਼ਾਮਲ

Sunday, Oct 20, 2024 - 11:57 AM (IST)

ਸ਼ਰਾਬ ਦੇ ਠੇਕੇਦਾਰਾਂ ਦੀ ਸੇਲ ਖ਼ਰਾਬ ਕਰਨ ਲਈ ਚੰਡੀਗੜ੍ਹ ਤੋਂ ਆਈ ਮਹਿੰਗੀ ਸ਼ਰਾਬ, 15 ਤਰ੍ਹਾਂ ਦੇ ਵੱਡੇ ਬ੍ਰਾਂਡ ਸ਼ਾਮਲ

ਅੰਮ੍ਰਿਤਸਰ(ਇੰਦਰਜੀਤ)-ਅੰਮ੍ਰਿਤਸਰ ਦੇ ਸ਼ਰਾਬ ਦੇ ਠੇਕੇਦਾਰਾਂ ਦੀ ਸੇਲ ਨੂੰ ਖ਼ਰਾਬ ਕਰਨ ਲਈ ਚੰਡੀਗੜ੍ਹ ਤੋਂ ਮਹਿੰਗੀ ਸ਼ਰਾਬ ਸ਼ਹਿਰ ’ਚ ਭੇਜੀ ਗਈ। ਜੇਕਰ ਨਾਜਾਇਜ਼ ਸ਼ਰਾਬ ਦੀ ਗੱਲ ਕਰੀਏ ਤਾਂ ਹਰਿਆਣਾ ਅਤੇ ਚੰਡੀਗੜ੍ਹ ਤੋਂ ਆਉਣ ਵਾਲੀ ਸ਼ਰਾਬ ਦਾ ਮਾਮਲਾ ਕੋਈ ਨਵਾਂ ਨਹੀਂ ਹੈ। ਜਦੋਂ ਪੰਜਾਬ ’ਚ ਰੇਟ ਜ਼ਿਆਦਾ ਹੁੰਦੇ ਹਨ ਤਾਂ ਨਾਜਾਇਜ਼ ਸ਼ਰਾਬ ਚੰਡੀਗੜ੍ਹ ਰਾਹੀਂ ਆਉਂਦੀ ਹੈ ਪਰ ਇਸ ’ਚ ਜ਼ਿਆਦਾਤਰ ਸ਼ਰਾਬ ਮਜ਼ਦੂਰ ਵਰਗ ਦੇ ਲੋਕਾਂ ਦੁਆਰਾ ਵਰਤੇ ਜਾਂਦੇ ਸਸਤੇ ਬ੍ਰਾਂਡਾਂ ਦੀ ਹੁੰਦੀ ਹੈ। ਇਨ੍ਹਾਂ ’ਚ ਉਹੀ ਸ਼ਰਾਬ ਦੀਆਂ ਬੋਤਲਾਂ ਹਨ, ਜਿਨ੍ਹਾਂ ਦੀ ਕੀਮਤ ਢਾਈ ਤੋਂ ਤਿੰਨ ਸੌ ਰੁਪਏ ਦੇ ਕਰੀਬ ਹੈ। ਇਸ ਵਾਰ ਜ਼ਬਤ ਕੀਤੀ ਗਈ ਸ਼ਰਾਬ ਦੀ ਖੇਪ ’ਚ ਉਹ ਬੋਤਲਾਂ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਕ ਪੈੱਗ ਬਾਰਾਂ ’ਚ 500 ਰੁਪਏ ਤੋਂ ਵੱਧ ਵਿਕਦਾ ਹੈ ਅਤੇ ਇਹ ਜ਼ਿਆਦਾਤਰ ਹਾਈ-ਫਾਈ ਪਾਰਟੀਆਂ ’ਚ ਹੁੰਦਾ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ 'ਚ ਵਿਅਕਤੀ ਨੇ ਮਾਰੀ ਛਾਲ

ਭਾਵੇਂ ਕੱਲ ਦੀ ਘਟਨਾ ’ਚ ਪੁਲਸ ਨੇ 348 ਬੋਤਲਾਂ ਸ਼ਰਾਬ ਦੀ ਬਰਾਮਦਗੀ ਦਾ ਕੇਸ ਦਰਜ ਕਰ ਕੇ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸਲੀਅਤ ਇਹ ਹੈ ਕਿ ਸਾਰੀ ਖੇਪ ਐਕਸਾਈਜ਼ ਵਿਭਾਗ ਦੀਆਂ ਟੀਮਾਂ ਵੱਲੋਂ ਫੜ ਲਈ ਗਈ ਹੈ ਅਤੇ ਇਨ੍ਹਾਂ ਨੂੰ ਫੜਨ ਲਈ ਸ਼ਰਾਬ ਦੇ ਠੇਕੇਦਾਰਾਂ ਦਾ ਵੀ ਪੂਰਾ-ਪੂਰਾ ਸਹਿਯੋਗ ਰਿਹਾ ਹੈ। ਦੱਸਣਯੋਗ ਹੈ ਕਿ ਐਕਸਾਈਜ਼ ਵਿਭਾਗ ਕੋਲ ਬਰਾਮਦ ਕੀਤੀ ਗਈ ਸ਼ਰਾਬ ਆਦਿ ਪਦਾਰਥ ਲਈ ਐੱਫ. ਆਈ. ਆਰ. ਦਰਜ ਕਰਨ ਦੀ ਇਜਾਜ਼ਤ ਨਹੀਂ ਹੈ ਅਤੇ ਮਜ਼ਬੂਰਨ ਪੁਲਸ ਤੋਂ ਕੇਸ ਦਰਜ ਕਰਵਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ- ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ

ਆਬਕਾਰੀ ਵਿਭਾਗ ਵੱਲੋਂ ਬਰਾਮਦ ਕੀਤੀਆਂ ਗਈਆ 348 ਬੋਤਲਾਂ ਅੰਗਰੇਜ਼ੀ ਸ਼ਰਾਬ ’ਚੋਂ ਜੌਨੀ ਵਾਕਰ, ਡਬਲ-ਬਲੈਕ, ਸ਼ਿਵਾਸ ਰੀਗਲ, ਜੌਨੀ ਵਾਕਰ ਸਕਾਚ ਸ਼ਰਾਬ ਦੀ ਵੱਡੀ ਖੇਪ ਬਰਾਮਦ ਹੋਈ ਹੈ। ਇਸ ਦੀ ਇਕ ਬੋਤਲ ਦੀ ਕੀਮਤ ਵਿਚ ਅੰਗਰੇਜ਼ੀ ਸ਼ਰਾਬ ਦੀ ਇਕ ਪੇਟੀ ਆ ਜਾਂਦੀ ਹੈ। ਇਸ ਤੋਂ ਇਲਾਵਾ ਜ਼ਬਤ ਕੀਤੀ ਗਈ ਇਸ ਖੇਪ ’ਚ ਜੌਨੀ ਵਾਕਰ, ਰੈੱਡ ਲੇਬਲ, ਵੌਟ-69, ਐਬਸੋਲਿਊਟ ਵੋਡਕਾ ਆਦਿ 15 ਤਰ੍ਹਾਂ ਦੇ ਮਹਿੰਗੇ ਬ੍ਰਾਂਡ ਸ਼ਾਮਲ ਹਨ। ਆਬਕਾਰੀ ਵਿਭਾਗ ਦੀ ਕਾਰਵਾਈ ’ਚ ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਅੰਮ੍ਰਿਤਸਰ ਰੇਂਜ ਅਤੇ ਜ਼ਿਲ੍ਹਾ ਆਬਕਾਰੀ ਅਫ਼ਸਰ ਗੌਤਮ ਗੋਵਿੰਦਾ ਦੀ ਅਗਵਾਈ ਹੇਠ ਬਣਾਈ ਟੀਮ ’ਚ ਡੀ. ਐੱਸ. ਪੀ ਮਨਿੰਦਰਪਾਲ ਸਿੰਘ ਆਬਕਾਰੀ, ਇੰਸਪੈਕਟਰ ਆਬਕਾਰੀ ਰਵਿੰਦਰ ਸਿੰਘ ਬਾਜਵਾ ਸ਼ਾਮਲ ਸਨ। ਇਸ ਮਾਮਲੇ ’ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ-  HSGMC ਦੇ ਸਾਬਕਾ ਪ੍ਰਧਾਨ ਝੀਂਡਾ ਨੇ ਜਥੇ. ਗਿਆਨੀ ਹਰਪ੍ਰੀਤ ਸਿੰਘ ਦੇ ਲਾਏ ਵੱਡੇ ਇਲਜ਼ਾਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News