ਉੱਤਰ ਕੋਰੀਆ ਨੇ ਅਮਰੀਕਾ ਨੂੰ ਦੱਸਿਆ 'ਗੈਂਗਸਟਰ', ਕੀਤੀ ਕਾਰਵਾਈ ਦੀ ਮੰਗ

Saturday, May 18, 2019 - 04:31 PM (IST)

ਉੱਤਰ ਕੋਰੀਆ ਨੇ ਅਮਰੀਕਾ ਨੂੰ ਦੱਸਿਆ 'ਗੈਂਗਸਟਰ', ਕੀਤੀ ਕਾਰਵਾਈ ਦੀ ਮੰਗ

ਸਿਓਲ— ਉੱਤਰ ਕੋਰੀਆ ਨੇ ਅਮਰੀਕਾ ਵਲੋਂ ਉਸ ਦੇ ਇਕ ਕਾਰਗੋ ਸ਼ਿਪ ਨੂੰ ਜ਼ਬਤ ਕੀਤੇ ਜਾਣ ਨੂੰ ਗੈਰ-ਕਾਨੂੰਨੀ ਕੰਮ ਦੱਸਦੇ ਹੋਏ ਇਸ ਨੂੰ ਤੁਰੰਤ ਵਾਪਸ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਮਰੀਕਾ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਸ ਨੇ ਪਾਬੰਦੀ ਦੇ ਉਲੰਘਣ ਸਬੰਧੀ ਗਤੀਵਿਧੀ ਦੇ ਕਾਰਨ ਉੱਤਰ ਕੋਰੀਆ 'ਚ ਰਜਿਸਟਰਡ ਕਾਰਗੋ ਜਹਾਜ਼ ਐੱਮ/ਵੀ ਵਾਈਜ਼ ਆਨੇਸਟ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਕ ਸਾਲ ਪਹਿਲਾਂ ਇਸ ਜਹਾਜ਼ ਨੂੰ ਇੰਡੋਨੇਸ਼ੀਆ 'ਚ ਕਬਜ਼ੇ 'ਚ ਲਿਆ ਗਿਆ ਸੀ। 

ਪਿਛਲੇ ਹਫਤੇ ਉੱਤਰ ਕੋਰੀਆ ਵਲੋਂ ਛੋਟੀ ਦੂਰੀ ਦੀਆਂ ਮਿਜ਼ਾਇਲਾਂ ਨਾਲ ਹਥਿਆਰਾਂ ਦੇ ਪ੍ਰੀਖਣ ਤੋਂ ਬਾਅਦ ਵਧੇ ਤਣਾਅ ਦੇ ਵਿਚਾਲੇ ਇਹ ਜ਼ਬਤੀ ਹੋਈ ਹੈ। ਉੱਤਰ ਕੋਰੀਆ ਦੀ ਸਰਕਾਰੀ ਪੱਤਰਕਾਰ ਏਜੰਸੀ ਕੇ.ਸੀ.ਐੱਨ.ਏ. ਮੁਤਾਬਕ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਸ ਨੂੰ ਸ਼ੁੱਕਰਵਾਰ ਨੂੰ ਭੇਜੇ ਇਕ ਪੱਤਰ 'ਚ ਸੰਯੁਕਤ ਰਾਸ਼ਟਰ 'ਚ ਉੱਤਰ ਕੋਰੀਆ ਦੇ ਸਥਾਈ ਪ੍ਰਤੀਨਿਧ ਕਿਮ ਸੋਂਗ ਨੇ ਕਿਹਾ ਕਿ ਇਹ ਗੈਰ-ਕਾਨੂੰਨੀ ਤੇ ਸਖਤ ਕਦਮ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਜ਼ਬਤੀ ਦਾ ਇਹ ਕਦਮ ਸਾਫ ਤੌਰ 'ਤੇ ਸੰਕੇਤ ਦਿੰਦਾ ਹੈ ਕਿ ਅਸਲ 'ਚ ਅਮਰੀਕਾ ਇਕ ਗੈਂਗਸਟਰ ਦੇਸ਼ ਹੈ, ਜੋ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਰਵਾਹ ਨਹੀਂ ਕਰਦਾ। ਉੱਤਰ ਕੋਰੀਆ ਦੇ ਪ੍ਰਤੀਨਿਧ ਨੇ ਕੋਰੀਆਈ ਟਾਪੂ 'ਚ ਸਥਿਰਤਾ ਲਈ ਗੁਟੇਰੇਸ ਨੂੰ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ।


author

Baljit Singh

Content Editor

Related News