ਮਿਆਂਮਾਰ ਦੇ ਫ਼ੌਜੀ ਸ਼ਾਸਕਾਂ ਨੇ ਸੂ ਕੀ ਦੀ ਪਾਰਟੀ ਨੂੰ ਕੀਤਾ ਭੰਗ

03/29/2023 4:25:23 PM

ਬੈਂਕਾਕ (ਭਾਸ਼ਾ)- ਮਿਆਂਮਾਰ ਦੀ ਫ਼ੌਜੀ ਸਰਕਾਰ ਨੇ ਸਿਆਸੀ ਵਿਰੋਧੀਆਂ 'ਤੇ ਸ਼ਿਕੰਜਾ ਕੱਸਦੇ ਹੋਏ ਬੁੱਧਵਾਰ ਨੂੰ ਇੱਕ ਹੋਰ ਵੱਡਾ ਕਦਮ ਚੁੱਕਿਆ ਅਤੇ ਚੋਣਾਂ ਤੋਂ ਪਹਿਲਾਂ ਤੈਅ ਸਮਾਂ-ਸੀਮਾ ਦੇ ਅੰਦਰ ਰਜਿਸਟਰ ਕਰਨ ਵਿੱਚ ਅਸਫ਼ਲ ਰਹਿਣ ਕਾਰਨ ਦਰਜਨਾਂ ਵਿਰੋਧੀ ਪਾਰਟੀਆਂ ਨੂੰ ਭੰਗ ਕਰ ਦਿੱਤਾ। ਇਨ੍ਹਾਂ ਵਿਚ ਬੇਦਖ਼ਲ ਨੇਤਾ ਆਂਗ ਸਾਨ ਸੂ ਕੀ ਦੀ ਪਾਰਟੀ ਵੀ ਸ਼ਾਮਲ ਹੈ। ਸੂ ਕੀ ਦੀ ਪਾਰਟੀ ਨੈਸ਼ਨਲ ਲੀਗ ਫਾਰ ਡੈਮੋਕਰੇਸੀ (ਐੱਨ.ਐੱਲ.ਡੀ.) ਸਮੇਤ 40 ਸਿਆਸੀ ਪਾਰਟੀਆਂ ਨੂੰ ਭੰਗ ਕਰ ਦਿੱਤਾ ਗਿਆ। ਚੋਣ ਕਮਿਸ਼ਨ ਨੇ ਇਹ ਅਧਿਕਾਰਤ ਐਲਾਨ ਕੀਤਾ ਹੈ। ਕਮਿਸ਼ਨ ਦਾ ਫ਼ੈਸਲਾ ਬੁੱਧਵਾਰ ਨੂੰ ਰਾਜ-ਨਿਯੰਤਰਿਤ ਪ੍ਰੈਸ ਵਿੱਚ ਪ੍ਰਕਾਸ਼ਿਤ ਹੋਇਆ।

ਐੱਨ.ਐੱਲ.ਡੀ. ਸਰਕਾਰ ਨੇ ਸੰਸਦ ਵਿੱਚ ਭਾਰੀ ਬਹੁਮਤ ਨਾਲ 2015 ਤੋਂ 2021 ਤੱਕ ਮਿਆਂਮਾਰ ਵਿੱਚ ਸ਼ਾਸਨ ਕੀਤਾ। ਉਸ ਤੋਂ ਬਾਅਦ ਫ਼ੌਜ ਨੇ ਉਸ ਸਰਕਾਰ ਨੂੰ ਬੇਦਖ਼ਲ ਕਰ ਦਿੱਤਾ ਸੀ। ਐੱਨ.ਐੱਲ.ਡੀ. ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਰਜਿਸਟਰ ਨਹੀਂ ਕਰਾਏਗੀ ਅਤੇ ਪ੍ਰਸਤਾਵਿਤ ਚੋਣਾਂ ਨੂੰ ਦਿਖਾਵਾ ਦੱਸਦੇ ਹੋਏ ਉਸ ਦੀ ਨਿੰਦਾ ਕੀਤੀ ਸੀ। ਐੱਨ.ਐੱਲ.ਡੀ. ਦੇ ਨਾਲ ਹੀ ਹੋਰ ਆਲੋਚਕਾਂ ਦਾ ਕਹਿਣਾ ਹੈ ਕਿ ਫ਼ੌਜ ਸ਼ਾਸਿਤ ਦੇਸ਼ ਵਿੱਚ ਚੋਣਾਂ ਨਾ ਤਾਂ ਆਜ਼ਾਦ ਅਤੇ ਨਾ ਹੀ ਨਿਰਪੱਖ ਹੋ ਸਕਣਗੀਆਂ। ਮਿਆਂਮਾਰ 'ਚ ਆਜ਼ਾਦ ਮੀਡੀਆ 'ਤੇ ਪਾਬੰਦੀ ਹੈ ਅਤੇ ਸੂ ਕੀ ਦੀ ਪਾਰਟੀ ਦੇ ਜ਼ਿਆਦਾਤਰ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਨ.ਐੱਲ.ਡੀ. ਨੇ ਨਵੰਬਰ 2020 ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ ਪਰ ਫਰਵਰੀ 2021 ਵਿੱਚ ਫ਼ੌਜ ਨੇ ਸਰਕਾਰ ਅਤੇ ਪਾਰਟੀ ਦੇ ਚੋਟੀ ਦੇ ਮੈਂਬਰਾਂ ਨੂੰ ਹਿਰਾਸਤ ਵਿੱਚ ਲੈਂਦੇ ਹੋਏ ਸੱਤਾ 'ਤੇ ਕਬਜ਼ਾ ਕਰ ਲਿਆ ਸੀ।


cherry

Content Editor

Related News