ਮਿਆਂਮਾਰ ਸੈਨਾ ਦੀ ਬੇਰਹਿਮੀ, ਪਹਿਲਾਂ ਐਂਜੇਲ ਨੂੰ ਮਾਰੀ ਗੋਲੀ ਫਿਰ ਕਬਰ 'ਚੋਂ ਲਾਸ਼ ਕੱਢ ਭਰਿਆ ਸੀਮੈਂਟ
Sunday, Mar 14, 2021 - 11:48 AM (IST)
ਮਾਂਡਲੇ (ਬਿਊਰੋ): ਮਿਆਂਮਾਰ ਵਿਚ ਚੱਲ ਰਹੇ ਲੋਕਤੰਤਰ ਸਮਰਥਕਾਂ ਦੇ ਵਿਰੋਧ ਪ੍ਰਦਰਸ਼ਨਾਂ ਨੂੰ ਬੰਦੂਕਾਂ ਦੇ ਜ਼ੋਰ 'ਤੇ ਕੁਚਲਣ ਵਿਚ ਲੱਗੀ ਸੈਨਾ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੈਨਾ ਨੇ ਪਿਛਲੇ ਦਿਨੀਂ ਖੂਨ ਦੀ ਹੋਲੀ ਖੇਡੀ ਅਤੇ 33 ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਮਾਂਡਲੇ ਵਿਚ ਮੋਰਚਾ ਸੰਭਾਲਣ ਵਾਲੀ 19 ਸਾਲਾ ਐਂਜੇਲ ਦੀ ਵੀ ਸੁਰੱਖਿਆ ਕਰਮੀਆਂ ਨੇ ਸਿਰ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੈਨਾ ਦੀ ਬੇਰਹਿਮੀ ਇੱਥੇ ਨਹੀਂ ਰੁਕੀ। ਐਂਜੇਲ ਦੀ ਲਾਸ਼ ਨੂੰ ਜਦੋਂ ਦਫਨਾਇਆ ਗਿਆ ਤਾਂ ਸੁਰੱਖਿਆ ਬਲਾਂ ਨੇ ਲਾਸ਼ ਨੂੰ ਕਬਰ ਵਿਚੋਂ ਕੱਢ ਕੇ ਉਸ ਅੰਦਰ ਸੀਮੈਂਟ ਭਰ ਦਿੱਤਾ। ਐਂਜੇਲ ਹੁਣ ਇਸ ਦੁਨੀਆ ਵਿਚ ਨਹੀਂ ਹੈ ਪਰ ਉਸ ਦੀਆਂ ਤਸਵੀਰਾਂ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਕਬਰ ਵਿਚੋਂ ਸੈਨਾ ਨੇ ਕੱਢੀ ਲਾਸ਼
ਐਂਜੇਲ ਦਾ ਅਸਲੀ ਨਾਮ ਮਾ ਕਿਆਲ ਸਿਨ ਸੀ। ਦੱਸਿਆ ਜਾ ਰਿਹਾ ਹੈਕਿ ਸੈਨਾ ਦੀ ਕਾਰਵਾਈ ਵਿਚ ਮੌਤ ਦੇ ਬਾਅਦ ਸਿਨ ਨੂੰ ਮਾਂਡਲੇ ਵਿਚ ਦਫਨਾਇਆ ਗਿਆ ਸੀ। ਸੈਨਾ ਨੇ ਦਾਅਵਾ ਕੀਤਾ ਕਿ ਐਂਜੇਲ ਦੇ ਮੌਤ ਦੇ ਕਾਰਨਾਂ ਦੀ ਜਾਂਚ ਕਰਨੀ ਹੈ ਅਤੇ ਅਜਿਹਾ ਕਰਨ ਦੇ ਨਾਮ 'ਤੇ ਕਬਰ ਅੰਦਰੋਂ ਉਸ ਦੀ ਲਾਸ਼ ਨੂੰ ਕੱਢ ਲਿਆ ਗਿਆ। ਇਸ ਮਗਰੋਂ ਐਂਜੇਲ ਦੀ ਕਬਰ ਨੂੰ ਸੀਮੈਂਟ ਨਾਲ ਭਰ ਦਿੱਤਾ ਗਿਆ। ਇੱਥੇ ਰੱਖੇ ਗਏ ਫੁੱਲਾਂ 'ਤੇ ਸੀਮੈਂਟ ਦੀ ਮੋਟੀ ਸਲੈਬ ਪਾ ਦਿੱਤੀ ਗਈ।
ਕਬਰ 'ਤੇ ਸੁੱਟੇ ਖੂਨ ਨਾਲ ਭਰੇ ਗਲਬਸ
ਇਹੀ ਨਹੀਂ ਸਰਜੀਕਲ ਗਾਉਨ ਅਤੇ ਖੂਨ ਨਲ ਭਰੇ ਗਲਬਸ ਆਦਿ ਨੂੰ ਐਂਜੇਲ ਦੀ ਕਬਰ 'ਤੇ ਹੀ ਸੁੱਟ ਦਿੱਤਾ ਗਿਆ। ਅਜਿਹਾ ਉਦੋਂ ਹੋਇਆ ਜਦੋਂ ਸੰਯੁਕਤ ਰਾਸ਼ਟਰ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਮਿਆਂਮਾਰ ਦੀ ਸੈਨਾ ਮਨੁੱਖਤਾ ਖ਼ਿਲਾਫ਼ ਅਪਰਾਧ ਕਰ ਰਹੀ ਹੈ। ਉਸ ਨੇ ਕਿਹਾ ਕਿ ਤਖਤਾਪਲਟ ਦੇ ਬਾਅਦ ਤੋਂ ਲੈਕੇ ਹੁਣ ਤੱਕ 70 ਪ੍ਰਦਰਸ਼ਨਕਾਰੀ ਮਾਰ ਦਿੱਤੇ ਗਏ ਹਨ।ਐਂਜੇਲ ਮਰਨ ਦੇ ਬਾਅਦ ਵੀ ਮਿਆਂਮਾਰ ਦੇ ਪ੍ਰਦਰਸ਼ਨ ਦਾ ਪ੍ਰਤੀਕ ਬਣ ਗਈ ਹੈ। 3 ਮਾਰਚ ਨੂੰ ਸੈਨਾ ਨੇ ਉਹਨਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ 4 ਮਾਰਚ ਨੂੰ ਉਹਨਾਂ ਦੀ ਅੰਤਮ ਯਾਤਰਾ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਸਨ।
ਭਾਵੇਂਕਿ ਬਾਅਦ ਵਿਚ ਚਸ਼ਮਦੀਦਾਂ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ ਸ਼ਾਮ 4 ਤੋਂ 7 ਵਜੇ ਦੇ ਵਿਚ ਕਰੀਬ 20 ਲੋਕ ਆਏ ਅਤੇ ਉਹਨਾਂ ਨੇ ਬੰਦੂਕ ਦਿਖਾ ਕੇ ਕਬਰਗਾਹ ਦਾ ਦਰਵਾਜ਼ਾ ਖੁਲ੍ਹਵਾਇਆ। ਇਸ ਵਿਚ ਸੈਨਾ ਦੀਆਂ ਗੱਡੀਆਂ ਅਤੇ ਲੋਕ ਸ਼ਾਮਲ ਸਨ।ਇਸ ਮਗਰੋਂ ਦਾਅਵਾ ਕੀਤਾ ਗਿਆ ਕਿ ਅਧਿਕਾਰੀਆਂ ਨੇ ਕਬਰ ਨੂੰ ਦੁਬਾਰਾ ਬਣਾ ਦਿੱਤਾ ਹੈ ਪਰ ਅਜਿਹਾ ਨਹੀਂ ਸੀ। ਕਬਰ ਦੇ ਚਾਰੇ ਪਾਸੇ ਗੰਦਗੀ ਫੈਲੀ ਹੋਈ ਸੀ। ਐਂਜੇਲ ਨੇ ਜਦੋਂ ਮਾਂਡਲੇ ਵਿਚ ਪ੍ਰਦਰਸ਼ਨ ਵਿਚ ਹਿੱਸਾ ਲਿਆ ਤਾਂ ਉਹਨਾਂ ਨੇ ਇਕ ਟੀ-ਸ਼ਰਟ ਪਹਿਨੀ ਹੋਈ ਸੀ ਜਿਸ 'ਤੇ ਲਿਖਿਆ ਸੀ,'ਸਭ ਕੁਝ ਠੀਕ ਹੋ ਜਾਵੇਗਾ'। ਐਂਜੇਲ ਨੂੰ ਖਦਸ਼ਾ ਸੀ ਕਿ ਉਹ ਦੇਸ਼ ਦੀ ਸਭ ਤੋਂ ਸ਼ਕਤੀਸ਼ਾਲੀ ਤਾਕਤ ਸੈਨਾ ਨਾਲ ਟਕਰਾਉਣ ਜਾ ਰਹੀ ਹੈ ਅਤੇ ਉਸ ਨਾਲ ਕੁਝ ਅਣਹੋਨੀ ਹੋ ਸਕਦੀ ਹੈ।
ਐਂਜੇਲ ਦੀ ਜੇਬ ਵਿਚੋਂ ਮਿਲਿਆ ਪਰਚਾ
ਇਸੇ ਕਾਰਨ ਐਂਜੇਲ ਨੇ ਆਪਣੀ ਜੇਬ ਵਿਚ ਇਕ ਪਰਚਾ ਰੱਖਿਆ ਸੀ ਜਿਸ 'ਤੇ ਉਹਨਾਂ ਦਾ ਬਲੱਡ ਗਰੁੱਪ ਅਤੇ ਇਕ ਸੰਪਰਕ ਨੰਬਰ ਲਿਖਿਆ ਸੀ। ਨਾਲ ਹੀ ਇਕ ਅਪੀਲ ਲਿਖੀ ਸੀ। ਇਸ ਅਪੀਲ ਵਿਚ ਲਿਖਿਆ ਸੀ,''ਜੇਕਰ ਮੇਰੀ ਮੌਤ ਹੋ ਜਾਵੇ ਤਾਂ ਮੇਰੇ ਸਰੀਰ ਨੂੰ ਦਾਨ ਕਰ ਦਿੱਤਾ ਜਾਵੇ।'' ਐਂਜੇਲ ਨੂੰ ਜਿਸ ਗੱਲ ਦਾ ਖਦਸ਼ਾ ਸੀ, ਉਹੀ ਹੋਇਆ। ਬੁੱਧਵਾਰ ਨੂੰ ਮਾਂਡਲੇ ਵਿਚ ਮਿਆਂਮਾਰ ਦੇ ਸੁਰੱਖਿਆ ਬਲ ਹੈਵਾਨ ਬਣ ਗਏ ਅਤੇ ਲੋਕਤੰਤਰ ਨੂੰ ਬਹਾਲ ਕਰਨ ਦੀ ਮੰਗ ਕਰ ਰਹੀ ਐਂਜੇਲ ਨੂੰ ਗੋਲੀ ਮਾਰ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਮਿਨੀਆਪੋਲਿਸ ਨੇ ਜਾਰਜ ਫਲਾਈਡ ਦੇ ਪਰਿਵਾਰ ਨਾਲ 27 ਮਿਲੀਅਨ ਡਾਲਰ ਦੇ ਸਮਝੌਤੇ ਨੂੰ ਦਿੱਤੀ ਮਨਜ਼ੂਰੀ
ਸੋਸ਼ਲ ਮੀਡੀਆ 'ਤੇ ਲੋਕਤੰਤਰ ਨੂੰ ਖਾਤਰ ਉਹਨਾਂ ਦੇ ਬਲੀਦਾਨ ਦੀ ਕਾਫੀ ਤਾਰੀਫ਼ ਹੋ ਰਹੀ ਹੈ। ਮਾਂਡਲੇ ਵਿਚ ਜਦੋਂ ਪੁਲਸ ਨੇ ਗੋਲੀ ਚਲਾਈ ਤਾਂ ਐਂਜੇਲ ਨੇ ਉੱਥੇ ਮੌਜੂਦ ਲੋਕਾਂ ਨੂੰ ਬੈਠਣ ਲਈ ਕਿਹਾ ਪਰ ਸੁਰੱਖਿਆ ਕਰਮੀਆਂ ਨੇ ਖੁਦ ਉਸ ਦੇ ਹੀ ਸਿਰ 'ਤੇ ਗੋਲੀ ਮਾਰ ਦਿੱਤੀ। ਐਂਜੇਲ ਨੇ ਪਿਛਲੇ ਸਾਲ ਪਹਿਲੀ ਵਾਰ ਵੋਟ ਦਿੱਤਾ ਸੀ ਅਤੇ ਉਹਨਾਂ ਨੂੰ ਆਸ ਸੀ ਕਿ ਉਹਨਾਂ ਦਾ ਵੋਟ ਉਹਨਾਂ ਦੇ ਜੀਵਨ ਵਿਚ ਖੁਸ਼ੀਆਂ ਲਿਆਵੇਗਾ।
ਨੋਟ- ਮਿਆਂਮਾਰ ਸੈਨਾ ਦੀ ਬੇਰਹਿਮੀ ਭਰਪੂਰ ਕਾਰਵਾਈ ਵਾਲੀ ਖ਼ਬਰ 'ਤੇ ਕੁਮੈਂਟ ਕਰ ਦਿਓ ਰਾਏ।