ਮਿਆਮਾਂ ਨੇ ਰੋਹਿੰਗੀਆ ਦੀ ਵਾਪਸੀ ਅਸਫਲ ਹੋਣ ਦਾ ਦੋਸ਼ ਲਾਇਆ ਬੰਗਲਾਦੇਸ਼ ''ਤੇ
Friday, Aug 23, 2019 - 11:19 PM (IST)

ਯਾਂਗੂਨ - ਮਿਆਮਾਂ ਨੇ ਰੋਹਿੰਗੀਆ ਮੁਸਲਮਾਨਾਂ ਨੂੰ ਵਾਪਸ ਭੇਜੇ ਜਾਣ ਦਾ ਦੂਜਾ ਯਤਨ ਅਸਫਲ ਹੋਣ ਦਾ ਦੋਸ਼ ਸ਼ੁੱਕਰਵਾਰ ਬੰਗਲਾਦੇਸ਼ 'ਤੇ ਲਾਇਆ ਹੈ। ਇਕ ਦਿਨ ਪਹਿਲਾਂ ਇਕ ਵੀ ਰਫਿਊਜ਼ੀ ਸੰਘਰਸ਼ ਪ੍ਰਭਾਵਿਤ ਰਾਖਾਇਨ ਸੂਬੇ 'ਚ ਵਾਪਸ ਜਾਣ ਨਹੀਂ ਆਇਆ। ਮਿਆਮਾਂ ਦੀ ਫੌਜ ਨੇ ਪੱਛਮੀ ਰਾਖਾਇਨ ਸੂਬੇ 'ਚ ਮੁਸਲਮਾਨ ਘੱਟ ਗਿਣਤੀ 'ਤੇ ਸਖਤ ਕਾਰਵਾਈ ਕੀਤੀ ਸੀ, ਜਿਸ ਨਾਲ 7 ਲੱਖ 40 ਹਜ਼ਾਰ ਤੋਂ ਜ਼ਿਆਦਾ ਰੋਹਿੰਗੀਆ ਮੁਸਲਮਾਨ ਗੁਆਂਢੀ ਦੇਸ਼ ਬੰਗਲਾਦੇਸ਼ ਭੱਜਣ ਲਈ ਮਜ਼ਬੂਰ ਹੋ ਗਏ। ਇਹ ਖੇਤਰ ਧਾਰਮਿਕ ਅਤੇ ਜਾਤੀ ਤਣਾਅ ਨਾਲ ਗ੍ਰਸਤ ਹੈ।
ਰੋਹਿੰਗੀਆ ਮੁਸਲਮਾਨ ਕੈਂਪਾਂ ਜਾਂ ਪਿੰਡਾਂ 'ਚ ਰਹਿਣ ਲਈ ਮਜ਼ਬੂਰ ਹਨ ਅਤੇ ਉਨ੍ਹਾਂ ਆਵਾਜਾਈ ਦੀ ਆਜ਼ਾਦੀ ਨਹੀਂ ਹੈ। ਦੋਹਾਂ ਦੇਸ਼ਾਂ ਵਿਚਾਲੇ 2017 'ਚ ਸਮਝੌਤੇ 'ਤੇ ਹਸਤਾਖਰ ਹੋਣ ਦੇ ਬਾਵਜੂਦ ਰੋਹਿੰਗੀਆ ਮੁਸਲਮਾਨਾਂ ਨੂੰ ਵਾਪਸ ਭੇਜੇ ਜਾਣ ਦਾ ਪਹਿਲਾਂ ਯਤਨ ਅਸਫਲ ਰਿਹਾ ਅਤੇ ਕੋਈ ਵੀ ਰੋਹਿੰਗੀਆ ਸੁਰੱਖਿਆ ਅਤੇ ਨਾਗਰਿਕਤਾ ਦੀ ਗਾਰੰਟੀ ਹਾਸਲ ਕੀਤੇ ਬਿਨਾਂ ਵਾਪਸ ਜਾਣ ਲਈ ਰਾਜ਼ੀ ਨਹੀਂ ਹਨ। ਵਾਪਸੀ ਲਈ ਵੀਰਵਾਰ ਨੂੰ ਫਿਰ ਤੋਂ ਯਤਨ ਹੋਣੇ ਸਨ ਅਤੇ ਦੋਹਾਂ ਸਰਕਾਰਾਂ ਨੇ ਕਰੀਬ 3,500 ਰੋਹਿੰਗੀਆ ਮੁਸਲਮਾਨਾਂ ਦੀ ਵਾਪਸੀ ਦਾ ਸੰਕਲਪ ਜਤਾਇਆ ਸੀ ਪਰ ਇਹ ਫਿਰ ਅਸਫਲ ਰਿਹਾ ਜਦ ਉਨ੍ਹਾਂ ਨੂੰ ਸਰਹੱਦ ਪਾਰ ਲਿਜਾਣ ਲਈ ਤਿਆਰ ਬੱਸਾਂ 'ਚ ਸਵਾਰ ਹੋਣ ਲਈ ਕੋਈ ਨਹੀਂ ਆਇਆ। ਸਰਕਾਰੀ ਨਿਊ ਲਾਈਟ ਆਫ ਮਿਆਮਾਂ ਨੇ ਆਖਿਆ ਕਿ ਬੇਘਰ ਲੋਕਾਂ ਦੀ ਸੁਚਾਰੂ ਵਾਪਸੀ ਲਈ 2-ਪੱਖੀ ਸਮਝੌਤੇ ਦਾ ਪਾਲਨ ਕਰਨਾ ਜ਼ਰੂਰੀ ਹੈ।