''ਮੇਰਾ ਮਕਸਦ ਸਿਰਫ ਇਮਰਾਨ ਖਾਨ ਨੂੰ ਮਾਰਨਾ ਸੀ'', ਪੁੱਛਗਿੱਛ ਦੌਰਾਨ ਹਮਲਾਵਰ ਨੇ ਕੀਤਾ ਖੁਲਾਸਾ

Friday, Nov 04, 2022 - 03:16 AM (IST)

''ਮੇਰਾ ਮਕਸਦ ਸਿਰਫ ਇਮਰਾਨ ਖਾਨ ਨੂੰ ਮਾਰਨਾ ਸੀ'', ਪੁੱਛਗਿੱਛ ਦੌਰਾਨ ਹਮਲਾਵਰ ਨੇ ਕੀਤਾ ਖੁਲਾਸਾ

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਕ ਰੋਸ ਮਾਰਚ ਦੌਰਾਨ ਵੀਰਵਾਰ ਨੂੰ ਪੰਜਾਬ ਸੂਬੇ 'ਚ ਉਨ੍ਹਾਂ ਦੇ ਕੰਟੇਨਰ-ਟਰੱਕ 'ਤੇ ਹਮਲਾ ਕੀਤਾ ਗਿਆ, ਜਿਸ ਵਿਚ ਉਨ੍ਹਾਂ ਦੀ ਲੱਤ 'ਚ ਗੋਲੀ ਲੱਗੀ ਪਰ ਉਹ ਖਤਰੇ ਤੋਂ ਬਾਹਰ ਹਨ। ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਕਿ ਇਹ 'ਕਤਲ ਦੀ ਕੋਸ਼ਿਸ਼' ਸੀ। ਉਸੇ ਸਮੇਂ ਪੁਲਸ ਦੁਆਰਾ ਫੜੇ ਗਏ ਸ਼ੱਕੀ ਨੇ ਕਿਹਾ ਕਿ ਉਹ ਖਾਨ ਨੂੰ ਮਾਰਨਾ ਚਾਹੁੰਦਾ ਸੀ ਕਿਉਂਕਿ 'ਉਹ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ।' ਡਾਨ ਅਖਬਾਰ ਨੇ ਇਕ ਵੀਡੀਓ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਸ਼ੱਕੀ ਨੇ ਕਿਹਾ, "ਉਹ (ਖਾਨ) ਲੋਕਾਂ ਨੂੰ ਗੁੰਮਰਾਹ ਕਰ ਰਿਹਾ ਸੀ ਅਤੇ ਮੈਂ ਇਹ ਨਹੀਂ ਸਕਦਾ ਸੀ। ਇਸ ਲਈ ਮੈਂ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਕਸ਼ਮੀਰ 'ਚ ਅੱਤਵਾਦੀਆਂ ਨੇ ਫਿਰ ਬਾਹਰੀ ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ, 2 ਲੋਕਾਂ ਨੂੰ ਮਾਰੀ ਗੋਲੀ

ਗੋਲੀ ਜਾਨ ਲੈਣ ਲਈ ਮਾਰੀ ਸੀ

ਪੀਟੀਆਈ ਨੇਤਾ ਇਮਰਾਨ ਇਸਮਾਈਲ ਨੇ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ 'ਤੇ ਹਮਲਾ ਹੋਇਆ ਤਾਂ ਉਹ ਖਾਨ ਦੇ ਨਾਲ ਖੜ੍ਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ, "ਇਹ ਸਿੱਧਾ ਹਮਲਾ ਸੀ... ਗੋਲੀ ਜਾਨ ਲੈਣ ਲਈ ਮਾਰੀ ਸੀ, ਡਰਾਉਣ ਲਈ ਨਹੀਂ।" ਜੀਓ ਟੀਵੀ ਦੇ ਅਨੁਸਾਰ ਹਮਲਾਵਰ ਦੀ ਪਛਾਣ ਨਾਵੇਦ ਵਜੋਂ ਹੋਈ ਹੈ। ਚੈਨਲ ਨੇ ਦੱਸਿਆ ਕਿ ਹਮਲਾਵਰ, ਜਿਸ ਦੀ ਉਮਰ 20 ਸਾਲ ਦੇ ਕਰੀਬ ਸੀ, ਸਲਵਾਰ-ਕਮੀਜ਼ ਪਹਿਨ ਕੇ ਖਾਨ ਦੀ ਗੱਡੀ ਦੇ ਨਾਲ ਚੱਲ ਰਿਹਾ ਸੀ ਅਤੇ ਉਸ ਨੇ ਖੱਬੇ ਪਾਸੇ ਤੋਂ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ : ਦਿੱਲੀ ਦੇ 'ਗੈਸ ਚੈਂਬਰ' 'ਚ ਤਬਦੀਲ ਹੋਣ ਤੋਂ ਬਾਅਦ ਰਾਜਧਾਨੀ 'ਚ ਇਨ੍ਹਾਂ ਡੀਜ਼ਲ ਵਾਹਨਾਂ 'ਤੇ ਲੱਗੀ ਪਾਬੰਦੀ

ਕਦੋਂ ਵਾਪਰੀ ਘਟਨਾ

ਇਹ ਘਟਨਾ ਪੰਜਾਬ ਦੇ ਵਜ਼ੀਰਾਬਾਦ ਕਸਬੇ ਦੇ 'ਅੱਲ੍ਹਾ ਹੂ ਚੌਕ' ਨੇੜੇ ਵਾਪਰੀ, ਜਦੋਂ ਖਾਨ ਜਲਦੀ ਚੋਣਾਂ ਕਰਵਾਉਣ ਦੀ ਮੰਗ ਨੂੰ ਲੈ ਕੇ ਇਸਲਾਮਾਬਾਦ ਵੱਲ ਮਾਰਚ ਦੀ ਅਗਵਾਈ ਕਰ ਰਹੇ ਸਨ। ਖਾਨ ਦੀ ਪਾਰਟੀ ਦੇ ਸੀਨੀਅਰ ਨੇਤਾ ਅਸਦ ਉਮਰ ਨੇ ਮੀਡੀਆ ਨੂੰ ਦੱਸਿਆ ਕਿ ਸਾਬਕਾ ਪ੍ਰਧਾਨ ਮੰਤਰੀ ਦੀ ਲੱਤ 'ਚ ਗੋਲੀ ਲੱਗੀ ਹੈ। ਉਮਰ ਨੇ ਕਿਹਾ, "ਖਾਨ ਦੀ ਹਾਲਤ ਨਾਜ਼ੁਕ ਨਹੀਂ ਹੈ ਪਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ।" ਉਨ੍ਹਾਂ ਕਿਹਾ ਕਿ ਖਾਨ ਦੇ ਵਿਰੋਧੀ ਪਾਕਿਸਤਾਨ ਨੂੰ ਬਦਲਦਾ ਨਹੀਂ ਦੇਖ ਸਕਦੇ। ਉਨ੍ਹਾਂ ਨੇ ਹਮਲੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ।

ਇਹ ਵੀ ਪੜ੍ਹੋ : ਇਮਰਾਨ 'ਤੇ ਜਾਨਲੇਵਾ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਭੜਕੀ ਹਿੰਸਾ, ਨੈਸ਼ਨਲ ਹਾਈਵੇਅ ਜਾਮ

ਕਿਸੇ ਵੀ ਸਮੂਹ ਨੇ ਹਮਲੇ ਦੀ ਨਹੀਂ ਲਈ ਜ਼ਿੰਮੇਵਾਰੀ

ਸੈਨੇਟਰ ਫੈਜ਼ਲ ਜਾਵੇਦ, ਜਿਸ ਦੇ ਚਿਹਰੇ 'ਤੇ ਗੋਲੀ ਲੱਗੀ ਸੀ, ਨੇ ਕਿਹਾ ਕਿ ਹਮਲੇ ਦੌਰਾਨ ਪਾਰਟੀ ਦੇ ਇਕ ਵਰਕਰ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਕ੍ਰਿਕਟ ਦੀ ਦੁਨੀਆ ਤੋਂ ਰਾਜਨੀਤੀ 'ਚ ਆਏ ਖਾਨ (70) 'ਤੇ ਹੋਏ ਹਮਲੇ ਦੀ ਕਿਸੇ ਸਮੂਹ ਨੇ ਜ਼ਿੰਮੇਵਾਰੀ ਨਹੀਂ ਲਈ। ਚਸ਼ਮਦੀਦਾਂ ਮੁਤਾਬਕ ਇਕ ਬੰਦੂਕਧਾਰੀ ਨੇ ਖਾਨ ਦੀ ਗੱਡੀ 'ਤੇ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਮੌਕੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੁਲਸ ਉਸ ਨੂੰ ਕਿਸੇ ਅਣਪਛਾਤੀ ਥਾਂ ’ਤੇ ਲੈ ਗਈ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News