ਇਟਲੀ ''ਚ ਨਗਰ ਕੌਂਸਲ ਕੰਪੋਸਨਦੋ (ਮੋਦਨਾ) ਦੀ ਚੋਣ ਜਿੱਤ ਅਮਰਜੀਤ ਥਿੰਦ ਬਣੇ ਸਲਾਹਕਾਰ
Tuesday, May 16, 2023 - 09:05 PM (IST)
ਰੋਮ (ਦਲਵੀਰ ਕੈਂਥ, ਟੇਕ ਚੰਦ) : ਪਿਛਲੇ ਕਈ ਮਹੀਨਿਆਂ ਤੋਂ ਇਟਲੀ ਦੀ ਸਿਆਸਤ 'ਚ ਨਗਰ ਕੌਂਸਲ ਜਾਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਗਰਮਾਇਆ ਮਾਹੌਲ ਹੁਣ ਚੋਣ ਨਤੀਜਿਆ ਤੋਂ ਬਆਦ ਸ਼ਾਂਤ ਹੋ ਗਿਆ ਹੈ। ਇਨ੍ਹਾਂ ਚੋਣਾਂ 'ਚ ਇਟਲੀ ਦੀਆਂ ਸਿਆਸੀ ਪਾਰਟੀ ਨੇ ਆਪਣੀ ਜਿੱਤ ਨੂੰ ਪੱਕਾ ਕਰਨ ਲਈ ਜਿਨ੍ਹਾਂ ਭਾਰਤੀ ਮੂਲ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ, ਉਨ੍ਹਾਂ 'ਚੋਂ ਜ਼ਿਲ੍ਹਾ ਮੋਦਨਾ ਅਧੀਨ ਆਉਂਦੇ ਕੰਪੋਸਨਦੋ ਵਿਖੇ ਇਟਲੀ ਦੀ ਰਾਸ਼ਟਰੀ ਪਾਰਟੀ ਪੀ ਡੀ ਚੈਂਤਰੋ ਸਨੀਸਤਰਾਂ ਨੇ ਸਿੰਦਕੋ ਮੋਨਜਾ ਯਾਨੀਬੋਨੀ ਲਈ ਅਮਰਜੀਤ ਕੁਮਾਰ ਥਿੰਦ ਨੂੰ ਜ਼ਿਲ੍ਹਾ ਮੋਦਨਾ ਦੇ ਸ਼ਹਿਰ ਦੇ ਕਮੂਨੇ ਦੀ ਕੰਪੋਸਨਦੋ ਲਈ ਸਲਾਹਕਾਰ ਵਜੋਂ ਆਪਣਾ ਉਮੀਦਵਾਰ ਐਲਾਨਿਆ ਸੀ, ਜਿਹੜੇ ਕਿ ਇਹ ਮੁਕਾਬਲਾ ਜਿੱਤ ਗਏ ਹਨ। ਥਿੰਦ ਦੀ ਇਸ ਜਿੱਤ ਨੇ ਪੂਰੇ ਇਲਾਕੇ ਵਿੱਚ ਖੁਸ਼ੀ ਦਾ ਮਾਹੌਲ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ : ਫਰਿਜ਼ਨੋ 'ਚ ਜੱਸਾ ਸਿੰਘ ਰਾਮਗੜ੍ਹੀਆ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ
ਪ੍ਰੈੱਸ ਨਾਲ ਗੱਲ ਕਰਦਿਆਂ ਅਮਰਜੀਤ ਕੁਮਾਰ ਥਿੰਦ ਨੇ ਕਿਹਾ ਕਿ ਇਲਾਕੇ ਦੇ ਭਾਰਤੀਆਂ ਨੇ ਜਿੰਨਾ ਪਿਆਰ-ਸਤਿਕਾਰ ਦਿੱਤਾ, ਉਸ ਲਈ ਉਹ ਭਾਈਚਾਰੇ ਦਾ ਸਦਾ ਰਿਣੀ ਰਹਿਣਗੇ। ਉਨ੍ਹਾਂ ਇਸ ਜਿੱਤ ਦਾ ਸਿਹਰਾ ਭਾਰਤੀ ਭਾਈਚਾਰੇ ਦੇ ਸਿਰ ਬੰਨ੍ਹਿਆ ਹੈ। ਥਿੰਦ ਨੇ ਆਪਣੀ ਪਾਰਟੀ ਦਾ ਵੀ ਉਚੇਚਾ ਧੰਨਵਾਦ ਕੀਤਾ, ਜਿਸ ਨੇ ਉਨ੍ਹਾਂ 'ਤੇ ਭਰੋਸਾ ਕਰਦਿਆਂ ਇਹ ਜ਼ਿੰਮੇਵਾਰ ਸੌਂਪੀ। ਦੋਆਬੇ ਦੇ ਪ੍ਰਸਿੱਧ ਪਿੰਡ ਸੂੰਢ (ਸ਼ਹੀਦ ਭਗਤ ਸਿੰਘ ਨਗਰ) ਦੇ ਦੇਵ ਰਾਜ ਥਿੰਦ ਤੇ ਮਹਿੰਦਰ ਕੌਰ ਥਿੰਦ ਦਾ ਸਪੁੱਤਰ ਭੁਝੰਗੀ ਅਮਰਜੀਤ ਕੁਮਾਰ ਥਿੰਦ ਸੰਨ 1995 ਵਿੱਚ ਇਟਲੀ ਆਇਆ।
ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ਼ ਕੈਲੀਫੋਰਨੀਆ ਨੇ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਦੇ ਪ੍ਰਬੰਧਕਾਂ ਦਾ ਕੀਤਾ ਸਨਮਾਨ
ਬਾਬਾ ਸਾਹਿਬ ਅੰਬੇਡਕਰ ਦੇ ਮਿਸ਼ਨ ਤੋਂ ਪ੍ਰਭਾਵਿਤ ਥਿੰਦ ਜਿਸ ਨੇ ਕਦੀ ਇਹ ਸੁਪਨਾ ਦੇਖਿਆ ਸੀ ਕਿ ਉਹ ਇਟਲੀ ਵਿੱਚ ਰੈਣ-ਬਸੇਰਾ ਕਰਦੇ ਭਾਰਤੀਆਂ ਦੀਆਂ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਇਕ ਦਿਨ ਸਿਆਸਤ ਵਿੱਚ ਜ਼ਰੂਰ ਆਉਣਗੇ ਤੇ ਅੱਜ ਉਨ੍ਹਾਂ ਦੀ ਇਸ ਸੋਚ ਨੂੰ ਬੂਰ ਪੈ ਗਿਆ ਹੈ। ਨਗਰ ਕੌਂਸਲ ਕੰਪੋਸਨਦੋ (ਮੋਦਨਾ) ਇਲਾਕੇ ਵਿੱਚ ਰਹਿੰਦੇ ਭਾਰਤੀਆਂ ਨੂੰ ਹੁਣ ਥਿੰਦ ਤੋਂ ਡੂੰਘੀਆਂ ਆਸਾਂ ਹਨ ਕਿ ਉਹ ਲੋਕਾਂ ਨੂੰ ਪੇਸ਼ ਆਉਂਦੀਆਂ ਪੇਚੀਦਾ ਸਮੱਸਿਆਵਾਂ ਦਾ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਲਈ ਸੰਜੀਦਾ ਹੋ ਕੇ ਜ਼ਿੰਮੇਵਾਰੀ ਨਿਭਾਉਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।