ਵਿਕਟੋਰੀਆ ''ਚ ਖਸਰੇ ਦੀ ਰੋਕਥਾਮ ਲਈ ਡਾਕਟਰਾਂ ਵਲੋਂ ਮੁਹਿੰਮ ਸ਼ੁਰੂ

06/25/2019 2:20:50 PM

ਵਿਕਟੋਰੀਆ— ਜੇਕਰ ਤੁਹਾਡਾ ਜਨਮ 1965 ਤੇ 1990 ਵਿਚਕਾਰ ਦਾ ਹੈ ਤਾਂ ਤੁਹਾਨੂੰ ਖਸਰੇ ਦਾ ਟੀਕਾ ਇਕ ਵਾਰ ਫਿਰ ਲਵਾਉਣਾ ਪੈ ਸਕਦਾ ਹੈ। ਇਸ ਦਾ ਕਾਰਨ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਕ ਵਾਰ ਖਸਰੇ ਦਾ ਟੀਕਾ ਲੱਗ ਚੁੱਕਾ ਹੈ, ਉਹ ਵੀ ਇਸ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਇਸ ਸਬੰਧੀ ਗੱਲ ਕਰਦਿਆਂ ਡਾਕਟਰ ਕੈਥਰੀਨ ਗਿਬਨੀ ਨੇ ਦੱਸਿਆ ਕਿ ਘੱਟ ਮਾਤਰਾ 'ਚ ਦਿੱਤੇ ਜਾਣ ਵਾਲੇ ਇੰਜੈਕਸ਼ਨ ਡੋਜ਼ ਕਾਰਨ ਇਹ ਬੀਮਾਰੀ ਹੋਣ ਦਾ ਖਤਰਾ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਭ ਨੂੰ ਇਕ ਹੀ ਟੀਕਾ ਲਗਾਇਆ ਜਾਂਦਾ ਸੀ ਪਰ ਹੁਣ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਦੋ ਟੀਕੇ ਲਗਵਾਉਣ ਦੀ ਜ਼ਰੂਰਤ ਹੈ ਤਾਂ ਕਿ ਉਨ੍ਹਾਂ ਦਾ ਸਰੀਰ ਇਸ ਬੀਮਾਰੀ ਤੋਂ ਬਚ ਸਕੇ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦਾ ਜਨਮ 1965 ਤੇ 1990 ਵਿਚਕਾਰ ਹੋਇਆ ਹੈ, ਉਹ ਇਕ ਵਾਰ ਦੁਬਾਰਾ ਟੀਕਾ ਜ਼ਰੂਰ ਲਗਵਾਉਣ। ਉਨ੍ਹਾਂ ਦੱਸਿਆ ਕਿ ਵੱਡੀ ਉਮਰ ਦੇ ਲੋਕਾਂ ਨੂੰ ਖਸਰਾ ਹੋਣ ਦੇ ਕੇਸ ਵਧੇਰੇ ਦੇਖੇ ਗਏ ਹਨ। ਇਸ ਲਈ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਦੁਬਾਰਾ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਉਨ੍ਹਾਂ ਨੂੰ ਇਕ ਜਾਂ ਦੋ ਟੀਕੇ ਲੱਗੇ ਹਨ ਜਾਂ ਨਹੀਂ ਤਾਂ ਉਹ ਡਾਕਟਰਾਂ ਨੂੰ ਮਿਲ ਕੇ ਉਨ੍ਹਾਂ ਦੀ ਸਲਾਹ ਲੈ ਸਕਦੇ ਹਨ।

ਖਸਰੇ ਦੇ ਲੱਛਣ—
ਬੁਖਾਰ ,ਖਾਂਸੀ ,ਜ਼ੁਕਾਮ ਜਾਂ ਧੱਫੜ ਪੈਣ ਦੀ ਸ਼ਿਕਾਇਤ ਹੋਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਰੀਰ 'ਤੇ ਲਾਲ ਦਾਣੇ ਹੋਣ 'ਤੇ ਵੀ ਇਸ ਦਾ ਵਧੇਰੇ ਧਿਆਨ ਰੱਖੋ, ਹੋ ਸਕਦਾ ਹੈ ਕਿ ਇਹ ਖਸਰੇ ਦੇ ਹੀ ਲੱਛਣ ਹੋਣ।
ਡਾਕਟਰਾਂ ਦੀ ਅਪੀਲ ਹੈ ਕਿ ਜਦ ਵੀ ਕੋਈ ਵੀ ਅਜਿਹਾ ਲੱਛਣ ਦਿਖਾਈ ਦੇਵੇ ਤਾਂ ਉਹ ਡਾਕਟਰੀ ਸਲਾਹ ਨੂੰ ਪਹਿਲ ਦੇਣ ਤਾਂ ਕਿ ਬੀਮਾਰੀ ਨੂੰ ਸ਼ੁਰੂ 'ਚ ਹੀ ਖਤਮ ਕੀਤਾ ਜਾ ਸਕੇ।


Related News