ਮਾਸਕ ਨਾ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ : ਪੇਲੋਸੀ

Thursday, Jul 30, 2020 - 10:32 PM (IST)

ਮਾਸਕ ਨਾ ਪਾਉਣ ਵਾਲੇ ਸੰਸਦ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ : ਪੇਲੋਸੀ

ਵਾਸ਼ਿੰਗਟਨ - ਅਮਰੀਕਾ ਦੀ ਪ੍ਰਤੀਨਿਧੀ ਸਭਾ ਨੇ ਆਪਣੇ ਸਾਰੇ ਮੈਂਬਰਾਂ ਅਤੇ ਕਰਮਚਾਰੀਆਂ ਨੂੰ ਮਾਸਕ ਪਾਉਣ ਦਾ ਆਦੇਸ਼ ਦਿੱਤਾ ਹੈ। ਸਦਨ ਦੀ ਸਪੀਕਰ ਨੈਂਸੀ ਪੇਲੋਸੀ ਨੇ ਚਿਤਾਵਨੀ ਦਿੱਤੀ ਹੈ ਕਿ ਜਿਹੜਾ ਵੀ ਕੋਈ ਨਵੇਂ ਨਿਯਮ ਤੋੜੇਗਾ, ਉਸ ਨੂੰ ਚੈਂਬਰ ਤੋਂ ਬਾਹਰ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੇ ਇਹ ਫੈਸਲਾ ਉਦੋਂ ਲਿਆ ਜਦ ਸਦਨ ਵਿਚ ਅਕਸਰ ਬਿਨਾਂ ਮਾਸਕ ਦੇ ਦੇਖਣ ਵਾਲੇ ਟੈਕਸਾਸ ਰਿਪਬਲਿਕਨ ਲੁਈ ਗੋਮਰਟ ਬੁੱਧਵਾਰ ਨੂੰ ਕੋਰੋਨਾ ਪਾਜ਼ੇਟਿਵ ਪਾਏ ਗਏ। ਇਸ ਦਿਨ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਸਫਰ ਵੀ ਕਰਨ ਵਾਲੇ ਸਨ।

ਡੈਮੋਕ੍ਰੇਟ ਨੈਂਸੀ ਪੇਲੋਸੀ ਨੇ ਬੁੱਧਵਾਰ ਸ਼ਾਮ ਨੂੰ ਕਿਹਾ ਕਿ ਮੈਂਬਰਾਂ ਨੂੰ ਉਦੋਂ ਮਾਸਕ ਉਤਾਰਨ ਦੀ ਇਜਾਜ਼ਤ ਹੋਵੇਗੀ, ਜਦ ਉਹ ਚੈਂਬਰ ਵਿਚ ਬੋਲ ਰਹੇ ਹੋਣਗੇ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਾਰੇ ਮੈਂਬਰ ਅਤੇ ਕਰਮਚਾਰੀ ਇਸ ਜ਼ਰੂਰੀ ਨਿਯਮ ਦਾ ਪਾਲਨ ਕਰਨਗੇ। ਜਿਸ ਨਾਲ ਉਹ ਚੈਂਬਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਮੌਜੂਦ ਹੋਰ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਦਾ ਸਨਮਾਨ ਕਰਨਗੇ। ਇਸ ਤੋਂ ਇਲਾਵਾ GovTrack.us ਦੀ ਵੈੱਬਸਾਈਟ ਮੁਤਾਬਕ, ਹੁਣ ਤੱਕ ਸੰਸਦ ਦੇ 10 ਮੈਂਬਰ - 3 ਡੈਮੋਕ੍ਰੇਟ ਅਤੇ 7 ਰਿਪਬਲਿਕਨ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਉਥੇ ਹੀ ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਦਿਨੋਂ-ਦਿਨ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਇਥੇ ਰੁਜ਼ਾਨਾ ਕੋਰੋਨਾ ਮਾਮਲਿਆਂ ਦੀ ਗਿਣਤੀ 45 ਹਜ਼ਾਰ ਤੋਂ ਪਾਰ ਪਹੁੰਚ ਰਹੀ ਹੈ। ਉਥੇ ਹੀ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 4,595,563 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,251,619 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ ਅਤੇ 154,442 ਲੋਕਾਂ ਦੀ ਮੌਤ ਹੋ ਗਈ ਹੈ।


author

Khushdeep Jassi

Content Editor

Related News