ਭਾਈਚਾਰੇ ਨੂੰ ਨਿੱਝਰ ਦੇ ਕਤਲ ''ਚ ਵਿਦੇਸ਼ੀ ਤਾਕਤਾਂ ਦੇ ਹੱਥ ਦਾ ਖ਼ਦਸ਼ਾ, MP ਸੁੱਖ ਧਾਲੀਵਾਲ ਵੱਲੋਂ ਪਟੀਸ਼ਨ ਦਾ ਸਮਰਥਨ

Tuesday, Aug 01, 2023 - 02:12 PM (IST)

ਡੈਲਟਾ (ਸਰਬਜੀਤ ਸਿੰਘ ਬਨੂੜ)-  ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਨੇ ਗੁਰਦੁਆਰੇ ਦੇ ਪ੍ਰਧਾਨ ਤੇ ਖਾਲਿਸਤਾਨ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਵਿੱਚ ਫ਼ੈਡਰਲ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਥਾਨਕ ਭਾਈਚਾਰੇ ਵੱਲੋਂ ਪਟੀਸ਼ਨ ਵਿਚ ਨਿੱਝਰ ਦੇ ਕਤਲ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਦੱਸਦਿਆਂ ਇਸ ਮਾਮਲੇ ਦੀ ਫ਼ੈਡਰਲ ਜਾਂਚ ਲਈ ਜ਼ੋਰ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ 18 ਜੂਨ ਨੂੰ ਹਰਦੀਪ ਸਿੰਘ ਨਿੱਝਰ ਦਾ ਗੁਰਦੁਆਰਾ ਸਾਹਿਬ ਦੇ ਪਾਰਕਿੰਗ ਲਾਟ ਵਿੱਚ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਸੀ।  ਜਾਂਚ ਅਧਿਕਾਰੀਆਂ ਨੇ ਇਸ ਮਾਮਲੇ ਵਿਚ ਦੋ ਸ਼ੱਕੀਆਂ ਦੀ ਪਛਾਣ ਕੀਤੀ ਹੈ, ਪਰ ਇਸ ਕਤਲ ਦੇ ਮਕਸਦ ਬਾਰੇ ਬਹੁਤੇ ਵੇਰਵੇ ਮੌਜੂਦ ਨਹੀਂ ਹਨ। ਗੁਰਦੁਆਰਾ ਸਾਹਿਬ ਦੇ ਹੋਰ ਲੀਡਰਾਂ ਅਤੇ ਇਲਾਕੇ ਦੇ ਐਮਪੀ ਅਨੁਸਾਰ ਭਾਈਚਾਰੇ ਦੇ ਬਹੁਤ ਸਾਰੇ ਮੈਂਬਰਾਂ ਦਾ ਮੰਨਣਾ ਹੈ ਕਿ ਇਹ ਕਤਲ ਵਿਦੇਸ਼ੀ ਦਖ਼ਲਅੰਦਾਜ਼ੀ ਦਾ ਨਤੀਜਾ ਹੈ। ਲਿਹਾਜ਼ਾ ਇਸ ਮਾਮਲੇ ਦੀ ਜਾਂਚ ਫ਼ੈਡਰਲ ਸਰਕਾਰ ਨੂੰ ਕਰਨੀ ਚਾਹੀਦੀ ਹੈ। ਗੁਰਦੁਆਰਾ ਸਾਹਿਬ ਦੇ ਸਕੱਤਰ ਗੁਰਮੀਤ ਸਿੰਘ ਤੂਰ ਨੇ ਇੱਕ ਫ਼ੈਡਰਲ ਈ-ਪਟੀਸ਼ਨ (ਨਵੀਂ ਵਿੰਡੋ) ਵੀ ਦਾਇਰ ਕੀਤੀ, ਜਿਸ ਵਿਚ ਸਰਕਾਰ ਨੂੰ ਜਾਂਚ ਸ਼ੁਰੂ ਕਰਨ ਅਤੇ ਬੇਰਹਿਮੀ ਨਾਲ ਕੀਤੇ ਇਸ ਕਤਲ ਦਾ ਮਕਸਦ ਅਤੇ ਇਸਨੂੰ ਅੰਜਾਮ ਦੇਣ ਵਾਲਿਆਂ ਦਾ ਪਰਦਾਫ਼ਾਸ਼ ਕਰਨ ਲਈ ਆਖਿਆ ਗਿਆ ਹੈ। 

ਇੱਥੇ ਦੱਸ ਦਈਏ ਕਿ ਈ-ਪਟੀਸ਼ਨ (ਨਵੀਂ ਵਿੰਡੋ) ਦੀ ਵਰਤੋਂ ਕਿਸੇ ਅਹਿਮ ਜਨਤਕ ਹਿੱਤ ਜਾਂ ਚਿੰਤਾ ਦੇ ਮੁੱਦੇ ‘ਤੇ ਧਿਆਨ ਖਿੱਚਣ ਲਈ ਕੀਤੀ ਜਾਂਦੀ ਹੈ ਅਤੇ ਹਾਊਸ ਔਫ਼ ਕੌਮਨਜ਼, ਫ਼ੈਡਰਲ ਸਰਕਾਰ, ਮੰਤਰੀ ਜਾਂ ਐਮਪੀ ਨੂੰ ਕਾਰਵਾਈ ਦੀ ਬੇਨਤੀ ਕੀਤੀ ਜਾਂਦੀ ਹੈ। ਗੁਰਮੀਤ ਤੂਰ ਦੀ ਪਟੀਸ਼ਨ ਨੂੰ ਲਿਬਰਲ ਐਮਪੀ ਸੁੱਖ ਧਾਲੀਵਾਲ ਨੇ ਸਪਾਂਸਰ ਕੀਤਾ ਹੈ, ਜੋਕਿ ਸਰੀ-ਨਿਊਟਨ ਤੋਂ ਐਮਪੀ ਹਨ। ਐਮਪੀ ਧਾਲੀਵਾਲ ਨੇ ਕਿਹਾ ਕਿ ਭਾਈਚਾਰੇ ਦੇ ਲੋਕ ਨਿੱਝਰ ਦੀ ਮੌਤ ਦੀ ਸੱਚਾਈ ਸਾਹਮਣੇ ਲਿਆਉਣ ਤੇ ਕਾਤਲਾਂ ਦੀ ਪਹਿਚਾਣ ਲੋਕਾਂ ਵਿੱਚ ਲਿਆਉਣਾ ਚਾਹੁੰਦੇ ਹਨ। ਧਾਲੀਵਾਲ ਨੇ ਕਿਹਾ ਕਿ ਪਟੀਸ਼ਨ ਨੂੰ ਸਪਾਂਸਰ ਕਰਨਾ ਉਨ੍ਹਾਂ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਆਪਣੇ ਹਲਕੇ ਦੇ ਲੋਕਾਂ ਦੀਆਂ ਚਿੰਤਾਵਾਂ ਨੂੰ ਉਜਾਗਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਿੱਝਰ ਦੀ ਮੌਤ ਤੋਂ ਬਾਅਦ ਕੁਝ ਲੋਕਾਂ ਨੂੰ ਆਪਣੀ ਸੁਰੱਖਿਆ ਨੂੰ ਲੈਕੇ ਵੀ ਡਰ ਹੈ।

PunjabKesari

ਧਾਲੀਵਾਲ ਨੇ ਕਿਹਾ ਕਿ ਉਹ ਨਿੱਝਰ ਦੀ ਹੱਤਿਆ ਤੋਂ ਬਾਅਦ ਸਾਬਕਾ ਪਬਲਿਕ ਸੇਫ਼ਟੀ ਮਿਨਿਸਟਰ ਮਾਰਕੋ ਮੈਂਡੀਚੀਨੋ ਅਤੇ ਸਰੀ ਵਿਚ ਭਾਈਚਾਰੇ ਦੇ ਲੀਡਰਾਂ ਨਾਲ ਮੁਲਾਕਾਤ ਕਰ ਚੁੱਕੇ ਹਨ। ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਲੀਡਰਾਂ ਵੱਲੋਂ ਮੁੱਖ ਸਵਾਲ ਇਹ ਸੀ ਕਿ ਕੀ ਇਸ ਕਤਲ ਵਿੱਚ ਭਾਰਤ ਦੀ ਕੋਈ ਭੂਮਿਕਾ ਸੀ ਜਾਂ ਨਹੀਂ।  ਨਿੱਝਰ ਖ਼ਾਲਿਸਤਾਨ ਹਮਾਇਤੀ ਜੱਥੇਬੰਦੀ ਸਿੱਖਸ ਫ਼ਾਰ ਜਸਟਿਸ ਜੱਥੇਬੰਦੀ ਨਾਲ ਵੀ ਜੁੜਿਆ ਹੋਇਆ ਸੀ। ਨਿੱਝਰ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸੰਬੰਧਿਤ ਸੀ ਤੇ ਭਾਰਤ ਸਰਕਾਰ ਨੇ ਪਿਛਲੇ ਸਾਲ ਨਿੱਝਰ 'ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। ਭਾਰਤ ਦੀ ਅੱਤਵਾਦ ਰੋਕੂ ਸੰਸਥਾ ਨੇ ਨਿੱਝਰ ਨੂੰ ਇੱਕ ਹਿੰਦੂ ਪੁਜਾਰੀ ਦੇ ਕਤਲ ਦੀ ਸਾਜ਼ਸ਼ ਵਿਚ ਸ਼ਾਮਲ ਹੋਣ 'ਤੇ ਇੱਕ ਭਗੌੜਾ ਅੱਤਵਾਦੀ ਵੀ ਕਰਾਰ ਦਿੱਤਾ ਸੀ।

ਗੁਰਮੀਤ ਸਿੰਘ ਤੂਰ ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਨਿੱਝਰ ਕੈਨੇਡੀਅਨ ਸਿੱਖ ਭਾਈਚਾਰੇ ਦਾ ਇੱਕ ਈਮਾਨਦਾਰ, ਰੱਬ ਦਾ ਭੈ ਰੱਖਣ ਵਾਲਾ, ਕਾਨੂੰਨ ਦਾ ਪਾਲਣ ਕਰਨ ਵਾਲਾ ਅਤੇ ਸ਼ਾਂਤਮਈ ਮੈਂਬਰ ਸੀ, ਜਿਸ ਦੀ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਕੋਈ ਸ਼ਮੂਲੀਅਤ ਨਹੀਂ ਸੀ। ਬੀਸੀ ਵਿਚ ਆਰਸੀਐਮਪੀ ਦੀ ਇੰਟੈਗ੍ਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਅਜੇ ਤੱਕ ਇਸ ਕਤਲ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਨਹੀਂ ਜੋੜਿਆ ਹੈ ਅਤੇ ਕਿਹਾ ਹੈ ਕਿ ਕੈਨੇਡਾ ਵਿਚ ਸਿੱਖ ਭਾਈਚਾਰੇ ਨੂੰ ਖ਼ਤਰੇ ਵਿਚ ਮੰਨਣ ਦਾ ਕੋਈ ਕਾਰਨ ਨਹੀਂ ਹੈ। ਧਾਲੀਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਸੰਭਾਵਿਤ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਗ਼ੌਰਤਲਬ ਹੈ ਕਿ ਦੋ ਨਾਮੀ ਸਿੱਖ ਸੰਗਠਨ - ਬ੍ਰਿਟਿਸ਼ ਕੋਲੰਬੀਆ ਗੁਰਦੁਆਰਾਜ਼ ਕੌਂਸਲ ਅਤੇ ਓਂਟਾਰੀਓ ਗੁਰਦੁਆਰਾਜ਼ ਕਮੇਟੀ -  ਕੈਨੇਡੀਅਨ ਰਾਜਨੀਤੀ ਵਿਚ ਭਾਰਤ ਦੀ ਦਖ਼ਲਅੰਦਾਜ਼ੀ ਦੀ ਜਾਂਚ ਕਰਾਉਣ ਦੀ ਮੰਗ ਕਰ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ : ਸਾਬਕਾ ਚਾਈਲਡ ਕੇਅਰ ਵਰਕਰ 'ਤੇ 91 ਬੱਚਿਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼

ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੈਨੇਡਾ ਵਿੱਚ ਕਿਸੇ ਵੀ ਸੰਭਾਵੀ ਵਿਦੇਸ਼ੀ ਦਖ਼ਲ ਦਾ ਜਵਾਬ ਦੇਣ ਅਤੇ ਨਿੱਝਰ ਦੇ ਕਤਲ ਬਾਰੇ ਉੱਤਰ ਦੇਣ ਲਈ ਵਚਨਬੱਧ ਹੈ। ਈ-ਪਟੀਸ਼ਨ ਨੂੰ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕਰਨ ਲਈ ਇੱਕ ਐਮਪੀ ਦੁਆਰਾ ਪ੍ਰਮਾਣਿਤ ਹੋਣ ਲਈ 500 ਦਸਤਖ਼ਤਾਂ ਦੀ ਲੋੜ ਹੁੰਦੀ ਹੈ। ਤੂਰ ਦੀ ਪਟੀਸ਼ਨ ‘ਤੇ 900 ਦੇ ਕਰੀਬ ਦਸਤਖ਼ਤ ਹੋ ਚੁੱਕੇ ਹਨ। 3 ਅਗਸਤ ਨੂੰ ਇਹ ਪਟੀਸ਼ਨ ਬੰਦ ਹੋਵੇਗੀ। ਸਰਕਾਰ ਨੂੰ ਸਦਨ ਵਿੱਚ ਪੇਸ਼ ਹੋਈ ਹਰ ਪਟੀਸ਼ਨ ਦਾ 45 ਦਿਨਾਂ ਦੇ ਅੰਦਰ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News