ਡਰੱਗ ਓਵਰਡੋਜ਼ ਨੇ ਲਈ 3 ਬੱਚਿਆਂ ਦੀ ਮਾਂ ਦੀ ਜਾਨ, ਪਿਤਾ ਨੇ ਕਿਹਾ—ਸਾਡੇ ਬੱਚਿਆਂ ਨੂੰ ਨਿਗਲ ਰਹੀ ਹੈ ਇਹ ਆਦਤ

05/09/2017 4:59:57 PM

 ਨਿਊ ਫਾਊਂਡਲੈਂਡ— ਡਰੱਗ ਓਵਰਡੋਜ਼ ਕਾਰਨ ਕੈਨੇਡਾ ਵਿਚ ਕਈ ਮੌਤਾਂ ਹੁੰਦੀਆਂ ਹਨ। ਇਹ ਅੰਕੜਾ ਇੰਨਾਂ ਵੱਡਾ ਹੈ ਕਿ ਇਹ ਇਕ ਗੰਭੀਰ ਸਮੱਸਿਆ ਬਣ ਕੇ ਉੱਭਰਿਆ ਹੈ। ਇਸੇ ਲੜੀ ਵਿਚ ਸੇਂਟ ਜੌਹਨ ਵਿਚ ਡਰੱਗ ਓਵਰਡੋਜ਼ ਕਾਰਨ 3 ਮੌਤਾਂ ਹੋਈਆਂ। ਇਸ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮਰਨ ਵਾਲਿਆਂ ਵਿਚ ਇਕ ਤਿੰਨ ਬੱਚਿਆਂ ਦੀ ਮਾਂ ਵੀ ਸ਼ਾਮਲ ਹੈ। 39 ਸਾਲਾ ਨਿੱਕੀ ਚੈਪਮੈਨ ਫੈਂਟਾਨਾਇਲ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਵਿਚ ਸ਼ਾਮਲ ਹੈ। ਨਿੱਕੀ ਦੇ ਪਿਤਾ ਜਿੰਮ ਨੇ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਤੁਸੀਂ ਉਸ ਸਮੇਂ ਖੁਦ ਨੂੰ ਲਾਚਾਰ ਮਹਿਸੂਸ ਕਰਦੇ ਹੋ ਜਦੋਂ ਤੁਸੀਂ ਆਪਣੇ ਬੱਚਿਆਂ ਲਈ ਕੁਝ ਨਹੀਂ ਕਰ ਸਕਦੇ।

ਉਨ੍ਹਾਂ ਦੱਸਿਆ ਕਿ ਡਰੱਗਜ਼ ਲੈਣ ਦੀ ਨਿੱਕੀ ਦੀ ਇਹ ਆਦਤ ਦਰਦ ਨਿਵਾਰਕ ਗੋਲੀਆਂ ਲੈਣ ਤੋਂ ਸ਼ੁਰੂ ਹੋਈ ਸੀ ਅਤੇ ਸਮੇਂ ਦੇ ਨਾਲ-ਨਾਲ ਇਹ ਗੰਭੀਰ ਰੂਪ ਧਾਰਦੀ ਗਈ। ਉਨ੍ਹਾਂ ਦੱਸਿਆ ਕਿ ਨਿੱਜੀ ਰਿਸ਼ਤਿਆਂ ਵਿਚ ਤਣਾਅ ਕਰਕੇ ਨਿੱਕੀ ਪਰੇਸ਼ਾਨ ਸੀ। ਇਸ ਕਰਕੇ ਉਸ ਨੇ ਡਰੱਗਜ਼ ਲੈਣਾ ਸ਼ੁਰੂ ਕਰ ਦਿੱਤਾ। 26 ਅਪ੍ਰੈਲ ਨੂੰ ਜਿੰਮ ਨੂੰ ਕਾਲ ਆਈ ਕਿ ਨਿੱਕੀ ਹੁਣ ਇਸ ਦੁਨੀਆ ਵਿਚ ਨਹੀਂ ਰਹੀ। ਡਰੱਗਜ਼ ਦੀ ਮਾੜੀ ਆਦਤ ਨੇ ਉਸ ਨੂੰ ਨਿਗਲ ਲਿਆ। ਨਿੱਕੀ ਦੇ ਪਿਤਾ ਨੇ ਕਿਹਾ ਕਿ ਸਰਕਾਰ ਨੂੰ ਛੇਤੀ ਹੀ ਡਰੱਗਜ਼ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਹੈ। ਇਹ ਸਾਡੇ ਬੱਚਿਆਂ ਦੀ ਦੁਸ਼ਮਣ ਹੈ, ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਲਿਜਾ ਰਹੀ ਹੈ। ਨਿੱਕੀ ਆਪਣੇ ਪਿੱਛੇ ਆਪਣੇ ਤਿੰਨ ਬੇਟਿਆਂ ਨੂੰ ਛੱਡ ਗਈ ਹੈ, ਜਿਨ੍ਹਾਂ ਦੀ ਉਮਰ 11 ਸਾਲ ਅਤੇ ਇਸ ਤੋਂ ਘੱਟ ਹੈ। 
ਇੱਥੇ ਦੱਸ ਦੇਈਏ ਕਿ ਬ੍ਰਿਟਿਸ਼ ਕੋਲੰਬੀਆ ਵਿਚ ਡਰੱਗ ਓਵਰਡੋਜ਼ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਕਾਫੀ ਜ਼ਿਆਦਾ ਹੈ। ਇਹ ਸਮੱਸਿਆ ਹੁਣ ਹੌਲੀ-ਹੌਲੀ ਨਿਊ ਫਾਊਂਡਲੈਂਡ ਵਰਗੇ ਖੇਤਰਾਂ ਤੱਕ ਫੈਲ ਰਹੀ ਹੈ।

Kulvinder Mahi

News Editor

Related News