ਸਪੇਨ 'ਚ ਦਾਖਲ ਹੋਣ ਲਈ ਮਚੀ ਭੱਜ-ਦੌੜ 'ਚ 18 ਪ੍ਰਵਾਸੀਆਂ ਦੀ ਮੌਤ

06/25/2022 11:06:30 AM

ਰਬਾਤ  (ਏਜੰਸੀ)- ਸਪੇਨ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਦੌਰਾਨ ਦੇਸ਼ ਦੇ ਉੱਤਰੀ ਅਫਰੀਕੀ ਐਨਕਲੇਵ ਮੇਲੀਲਾ ਦੇ ਨਾਲ ਲੱਗਦੀ ਮੋਰੱਕੋ ਦੀ ਸਰਹੱਦ 'ਤੇ ਇੱਕ ਵਾੜ ਦੇ ਨੇੜੇ ਸ਼ੁੱਕਰਵਾਰ ਨੂੰ ਮਚੀ ਭੱਜ-ਦੌੜ ਵਿੱਚ ਘੱਟੋ-ਘੱਟ 18 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ, ਜਦੋਂਕਿ ਦਰਜਨਾਂ ਪੁਲਸ ਕਰਮਚਾਰੀਆਂ ਸਮੇਤ ਕਈ ਜ਼ਖਮੀ ਹੋ ਗਏ। ਮੋਰੱਕੋ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁੱਲ 133 ਪ੍ਰਵਾਸੀ ਸ਼ੁੱਕਰਵਾਰ ਨੂੰ ਮੋਰੱਕੋ ਦੇ ਸ਼ਹਿਰ ਨਾਡੋਰ ਅਤੇ ਮੇਲਿਲਾ ਵਿਚਕਾਰ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਰਹੇ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਨੇ ਲਾਰੈਂਸ ਬਿਸ਼ਨੋਈ ਦੇ ਸਾਥੀ ਨੂੰ ਸਪਲਾਈ ਕੀਤੇ ਸਨ ਹਥਿਆਰ

ਪਿਛਲੇ ਮਹੀਨੇ ਸਪੇਨ ਅਤੇ ਮੋਰੱਕੋ ਵਿਚਾਲੇ ਕੂਟਨੀਤਕ ਸਬੰਧਾਂ ਵਿੱਚ ਸੁਧਾਰ ਹੋਣ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਸਰਹੱਦ ਪਾਰ ਕੀਤੀ ਹੈ। ਮੇਲਿਲਾ ਵਿਚ ਸਪੇਨ ਦੀ ਸਰਕਾਰ ਦੇ ਦਫ਼ਤਰ ਦੇ ਬੁਲਾਰੇ ਨੇ ਕਿਹਾ ਕਿ ਲਗਭਗ 2,000 ਲੋਕਾਂ ਨੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਈਆਂ ਨੂੰ ਸਪੈਨਿਸ਼ ਸਿਵਲ ਗਾਰਡ ਪੁਲਸ ਅਤੇ ਮੋਰੱਕੋ ਦੇ ਸੁਰੱਖਿਆ ਬਲਾਂ ਦੁਆਰਾ ਵਾੜ ਦੇ ਦੋਵੇਂ ਪਾਸੇ ਰੋਕ ਦਿੱਤਾ ਗਿਆ। ਮੋਰੱਕੋ ਦੇ ਗ੍ਰਹਿ ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਲੋਹੇ ਦੀ ਵਾੜ 'ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਭੱਜ-ਦੌੜ ਮਚ ਗਈ, ਜਿਸ ਵਿਚ 5 ਪ੍ਰਵਾਸੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂਕਿ ਲਗਭਗ 76 ਪ੍ਰਵਾਸੀ ਅਤੇ 140 ਮੋਰੱਕੋ ਦੇ ਸੁਰੱਖਿਆ ਅਧਿਕਾਰੀ ਜ਼ਖ਼ਮੀ ਹੋ ਗਏ। ਮੋਰੱਕੋ ਦੀ ਸਰਕਾਰੀ ਨਿਊਜ਼ ਏਜੰਸੀ ਐੱਮ.ਏ.ਪੀ. ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਜ਼ਖ਼ਮੀ ਪ੍ਰਵਾਸੀਆਂ ਵਿੱਚੋਂ 13 ਦੀ ਬਾਅਦ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ। ਹਾਲਾਂਕਿ ਮੋਰੱਕੋ ਹਿਊਮਨ ਰਾਈਟਸ ਐਸੋਸੀਏਸ਼ਨ ਨੇ ਇਸ ਘਟਨਾ 'ਚ 27 ਲੋਕਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਉਥੇ ਹੀ ਸਪੇਨ ਦੇ ਅਧਿਕਾਰੀਆਂ ਨੇ ਦੱਸਿਆ ਕਿ 49 ਸਿਵਲ ਗਾਰਡਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਕੁਝ ਪ੍ਰਵਾਸੀਆਂ ਨੇ ਪਥਰਾਅ ਕੀਤਾ, ਜਿਸ ਨਾਲ ਪੁਲਸ ਦੀਆਂ ਚਾਰ ਗੱਡੀਆਂ ਦਾ ਨੁਕਸਾਨ ਹੋ ਗਿਆ।

ਇਹ ਵੀ ਪੜ੍ਹੋ: ਅਧਿਐਨ 'ਚ ਖ਼ੁਲਾਸਾ: ਭਾਰਤ 'ਚ ਕੋਰੋਨਾ ਵੈਕਸੀਨ ਕਾਰਨ ਬਚੀਆਂ 42 ਲੱਖ ਜਾਨਾਂ, WHO ਨੇ ਕੀਤਾ ਸੀ ਇਹ ਦਾਅਵਾ

ਅਧਿਕਾਰੀਆਂ ਦੇ ਅਨੁਸਾਰ, ਜੋ ਲੋਕ ਸਰਹੱਦ ਪਾਰ ਕਰਨ ਵਿੱਚ ਕਾਮਯਾਬ ਹੋਏ, ਉਹ ਇੱਕ ਸਥਾਨਕ ਪ੍ਰਵਾਸੀ ਕੇਂਦਰ ਵਿੱਚ ਪਹੁੰਚੇ, ਜਿੱਥੇ ਅਧਿਕਾਰੀ ਉਨ੍ਹਾਂ ਦੇ ਹਾਲਾਤਾਂ ਦਾ ਮੁਲਾਂਕਣ ਕਰ ਰਹੇ ਹਨ। ਗਰੀਬੀ ਅਤੇ ਹਿੰਸਾ ਦੇ ਕਾਰਨ ਅਫ਼ਰੀਕਾ ਤੋਂ ਪਰਵਾਸ ਕਰਨ ਵਾਲੇ ਲੋਕ ਕਦੇ-ਕਦੇ ਯੂਰਪ ਵਿੱਚ ਦਾਖਲ ਹੋਣ ਲਈ ਵੱਡੇ ਪੈਮਾਨੇ 'ਤੇ ਉੱਤਰੀ ਅਫ਼ਰੀਕੀ ਤੱਟ, ਮੇਲੀਲਾ ਅਤੇ ਸਪੇਨ ਦੇ ਹੋਰ ਖੇਤਰਾਂ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਪ੍ਰਵਾਸੀਆਂ ਨੂੰ ਸਰਹੱਦ ਤੋਂ ਦੂਰ ਰੱਖਣ ਲਈ ਸਪੇਨ ਜ਼ਿਆਦਾਤਰ ਮੋਰੱਕੋ 'ਤੇ ਨਿਰਭਰ ਕਰਦਾ ਹੈ। ਸਪੈਨਿਸ਼ ਅਧਿਕਾਰੀਆਂ ਦੇ ਅਨੁਸਾਰ, ਮਾਰਚ ਦੇ ਸ਼ੁਰੂ ਵਿੱਚ ਦੋ ਦਿਨਾਂ ਵਿੱਚ 3,500 ਤੋਂ ਵੱਧ ਲੋਕਾਂ ਨੇ ਮੇਲਿਲਾ ਵਿਚ ਲੱਗੇ 6 ਮੀਟਰ ਉੱਚੇ ਬੈਰੀਕੇਡ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਲਗਭਗ 1,000 ਇਸ ਨੂੰ ਪਾਰ ਕਰਨ ਵਿਚ ਸਫਲ ਰਹੇ ਸਨ। ਮਾਰਚ ਵਿੱਚ ਸਪੇਨ ਅਤੇ ਮੋਰੱਕੋ ਦੇ ਸਬੰਧਾਂ ਵਿੱਚ ਸੁਧਾਰ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਪ੍ਰਵਾਸੀਆਂ ਵੱਲੋਂ ਸਰਹੱਦ ਪਾਰ ਕਰਨ ਦੀ ਇਹ ਪਹਿਲੀ ਕੋਸ਼ਿਸ਼ ਸੀ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਗਲੋਬਲ ਐਮਰਜੈਂਸੀ ਐਲਾਨੇ ਜਾਣ 'ਤੇ ਵਿਚਾਰ, WHO ਨੇ ਸੱਦੀ ਹੰਗਾਮੀ ਮੀਟਿੰਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News