ਕੋਵਿਡ ਰੋਕੂ ਟੀਕੇ ਦੀਆਂ ਇਕ ਅਰਬ ਤੋਂ ਵੱਧ ਖੁਰਾਕਾਂ ਕੀਤੀਆਂ ਬਰਾਮਦ : ਯੂਰਪੀਅਨ ਯੂਨੀਅਨ
Monday, Oct 18, 2021 - 05:34 PM (IST)
ਬ੍ਰਸੇਲਜ਼ (ਏ. ਪੀ.)-ਯੂਰਪੀਅਨ ਯੂਨੀਅਨ (ਈ. ਯੂ.) ਨੇ ਹੁਣ ਤੱਕ ਬਾਕੀ ਵਿਸ਼ਵ ਨੂੰ ਕੋਵਿਡ-19 ਟੀਕਿਆਂ ਦੀਆਂ ਇਕ ਅਰਬ ਤੋਂ ਵੱਧ ਖੁਰਾਕਾਂ ਬਰਾਮਦ ਕੀਤੀਆਂ ਹਨ। ਯੂਰਪੀਅਨ ਯੂਨੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਨੇ ਕਿਹਾ ਕਿ ਟੀਕੇ 150 ਤੋਂ ਵੱਧ ਦੇਸ਼ਾਂ ਨੂੰ ਭੇਜੇ ਗਏ ਹਨ ਅਤੇ 27 ਦੇਸ਼ਾਂ ਦੀ ਯੂਰਪੀਅਨ ਯੂਨੀਅਨ, ਇਨ੍ਹਾਂ ਟੀਕਿਆਂ ਦੀ ਵਿਸ਼ਵ ਦੀ ਸਭ ਤੋਂ ਵੱਡੀ ਬਰਾਮਦਕਾਰ ਬਣ ਗਈ ਹੈ। ਯੂਰਪੀਅਨ ਯੂਨੀਅਨ ਨੇ ਕਿਹਾ ਕਿ ਵਿਸ਼ਵ ਭਰ ’ਚ ਕੋਵਿਡ-19 ਰੋਕੂ ਟੀਕਿਆਂ ਦਾ ਵਿਸਥਾਰ ਕਰਨਾ ਯੂਨੀਅਨ ਦੀ ਪਹਿਲੀ ਤਰਜੀਹ ਹੈ ਅਤੇ ਪਿਛਲੇ ਮਹੀਨੇ ਉਸ ਨੇ ਅਫਰੀਕਾ ਤੇ ਘੱਟ ਆਮਦਨੀ ਵਾਲੇ ਦੇਸ਼ਾਂ ਨੂੰ ਟੀਕੇ ਦੀਆਂ 20 ਕਰੋੜ ਖੁਰਾਕਾਂ ਭੇਜਣ ਦਾ ਵਾਅਦਾ ਕੀਤਾ ਸੀ।
ਹੁਣ ਜਦੋਂ ਅਮੀਰ ਦੇਸ਼ ਵੱਡੀ ਆਬਾਦੀ ਨੂੰ ਟੀਕੇ ਦੀਆਂ ਬੂਸਟਰ ਖੁਰਾਕਾਂ ਦੇਣ ਬਾਰੇ ਵਿਚਾਰ ਕਰ ਰਹੇ ਹਨ, ਦੁਨੀਆ ਦੇ ਜ਼ਿਆਦਾਤਰ ਗਰੀਬ ਦੇਸ਼ ਅਜੇ ਵੀ ਪੂਰਨ ਟੀਕਾਕਰਨ ਦੀ ਉਡੀਕ ਕਰ ਰਹੇ ਹਨ। ਇਸ ਦੇ ਕਾਰਨ ਟੀਕਾ ਅਸਮਾਨਤਾ ਦੀ ਸਥਿਤੀ ਸਾਹਮਣੇ ਆ ਰਹੀ ਹੈ।