ਅਫਗਾਨਿਸਤਾਨ ''ਚ ਤਾਲਿਬਾਨ ਦੇ 70 ਤੋਂ ਜ਼ਿਆਦਾ ਕਮਾਂਡਰ, 152 ਪਾਕਿ ਲੜਾਕੇ ਢੇਰ
Monday, Nov 16, 2020 - 11:53 AM (IST)

ਕਾਬੁਲ: ਅਫਗਾਨਿਸਤਾਨ ਨੇ ਹੇਲਮੰਦ ਅਤੇ ਕਾਂਧਾਰ 'ਚ ਇਕ ਮਹੀਨਾ ਪਹਿਲਾਂ ਸ਼ੁਰੂ ਕੀਤੀ ਮੁਹਿੰਮ 'ਚ ਕਰੀਬ 70 ਤਾਲਿਬਾਨੀ ਕਮਾਂਡਰ ਢੇਰ ਕੀਤੇ ਗਏ ਹਨ। ਤਾਲਿਬਾਨ ਦੇ ਹਮਲਿਆਂ ਦੇ ਜਵਾਬ 'ਚ ਅਫਗਾਨੀ ਸੁਰੱਖਿਆ ਫੋਰਸਾਂ ਨੇ ਇਹ ਆਪਰੇਸ਼ਨ ਜਾਰੀ ਕੀਤਾ ਸੀ। ਅਫਗਾਨਿਸਤਾਨ ਦੇ ਇੰਟੀਰੀਅਰ ਅਫੇਅਰਸ ਮੰਤਰਾਲੇ ਵੱਲੋਂ ਜਾਰੀ ਲਿਸਟ ਮੁਤਾਬਕ ਮਾਰੇ ਗਏ 20 ਕਮਾਂਡਰ ਹੇਲਮੰਦ ਦੇ ਵੱਖ-ਵੱਖ ਹਿੱਸਿਆਂ ਦੇ ਸਨ ਅਤੇ 45-100 ਮੈਂਬਰਾਂ ਤੱਕ ਦੇ ਗਰੁੱਪਾਂ ਦੀ ਅਗਵਾਈ ਕਰ ਰਹੇ ਸਨ। ਉੱਧਰ ਕਾਂਧਾਰ 'ਚ ਕਰੀਬ 40 ਤਾਲਿਬਾਨੀ ਕਮਾਂਡਰ ਮਾਰੇ ਗਏ ਸਨ।
ਹੇਲਮੰਦ 'ਚ ਮਾਰੇ ਗਏ 10 ਕਮਾਂਡਰ ਉਰੂਜਾ, ਕਾਂਧਾਰ ਅਤੇ ਗਜਨੀ ਤੋਂ ਆਏ ਸਨ। ਪੱਤਰਕਾਰਾਂ ਦੇ ਸਾਹਮਣੇ ਲਿਸਟ ਰਿਲੀਜ਼ ਕਰਦੇ ਹੋਏ ਮੰਤਰਾਲੇ ਨੇ ਦੱਸਿਆ ਕਿ ਘੱਟ ਤੋਂ ਘੱਟ 152 ਪਾਕਿਸਤਾਨੀ ਲੜਾਕੇ ਹੇਲਮੰਦ ਪ੍ਰਾਂਤ 'ਚ ਮਾਰੇ ਗਏ ਸਨ। ਅੰਕੜਿਆਂ ਮੁਤਾਬਕ 65 ਲਾਸ਼ਾਂ ਨੂੰ ਡੁਰੰਡ ਲਾਈਨ ਦੇ ਰਾਹੀਂ ਟਰਾਂਸਫਰ ਕਰ ਦਿੱਤਾ ਗਿਆ ਹੈ ਜਦੋਕਿ 35 ਲਾਸ਼ਾਂ ਨੂੰ ਫਰਾਬ, 54 ਨੂੰ ਹੇਲਮੰਦ,13 ਨੂੰ ਜਾਬੁਲ ਤੇ 13 ਨੂੰ ਉਰੂਜਗਾਨ ਪ੍ਰਾਂਤ ਪਹੁੰਚਾਇਆ ਗਿਆ ਹੈ।
ਇਸ ਦੌਰਾਨ 30 ਤਾਲਿਬਾਨੀ ਕਮਾਂਡਰ ਹੇਲਮੰਦ 'ਚ ਜ਼ਖਮੀ ਹੋਏ ਹਨ। ਇਸ ਆਪਰੇਸ਼ਨ ਦੀ ਅਗਵਾਈ ਚੀਫ ਆਫ ਆਰਮੀ ਸਟਾਫ ਜਨਰਲ ਮੁਹੰਮਦ ਯਾਸਿਨ ਜਿਆ ਕਰ ਰਹੇ ਸਨ। ਹਾਲੇ ਵੀ ਆਪਰੇਸ਼ਨ ਜਾਰੀ ਹੈ ਪਰ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਨੂੰ ਮਾਤ ਦੇ ਦਿੱਤੀ ਗਈ ਹੈ। ਬੁਲਾਰੇ ਨੇ ਇਹ ਵੀ ਦੱਸਿਆ ਕਿ ਤਾਲਿਬਾਨ ਦੇ ਹਮਲਿਆਂ 'ਚ ਪਿਛਲੇ 25 ਦਿਨ 'ਚ ਘੱਟ ਤੋਂ ਘੱਟ 134 ਆਮ ਲੋਕ ਮਾਰੇ ਗਏ ਹਨ ਅਤੇ 289 ਜ਼ਖਮੀ ਹੋਏ ਹਨ। ਉੱਧਰ ਤਾਲਿਬਾਨ ਨੇ ਮੰਤਰਾਲੇ ਦੇ ਬਿਆਨ ਦਾ ਖੰਡਨ ਕੀਤਾ ਹੈ।
ਵਰਣਨਯੋਗ ਹੈ ਕਿ ਜੁਲਾਈ 'ਚ ਜਾਰੀ ਕੀਤੀ ਗਈ ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਕਿਹਾ ਗਿਆ ਸੀ ਕਿ ਪਾਕਿਸਤਾਨ ਦੇ ਕਰੀਬ 6,000-6,500 ਅੱਤਵਾਦੀ ਗੁਆਂਢੀ ਅਫਗਾਨਿਸਤਾਨ 'ਚ ਸਰਗਰਮ ਹਨ ਜਿਸ 'ਚੋਂ ਜ਼ਿਆਦਾਤਰ ਦਾ ਸਬੰਧ 'ਤਹਿਰੀਕ-ਏ-ਤਾਲਿਬਾਨ ਪਾਕਿਸਤਾਨ' ਨਾਲ ਹੈ ਅਤੇ ਉਹ ਦੋਵੇਂ ਦੇਸ਼ ਲਈ ਖ਼ਤਰਾ ਹਨ। ਉੱਧਰ ਅਮਰੀਕਾ ਦੇ ਰੱਖਿਆ ਵਿਭਾਗ ਪੇਂਟਾਗਨ ਨੇ ਵੀ ਅਫਗਾਨਿਸਤਾਨ 'ਤੇ ਜਾਰੀ ਆਪਣੀ ਰਿਪੋਰਟ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਸੀਮਾ ਖੇਤਰ ਨੂੰ ਅੱਤਵਾਦੀ ਸੰਗਠਨਾਂ ਲਈ ਸੁਰੱਖਿਆ ਠਿਕਾਣਾ ਦੱਸਿਆ ਸੀ।