ਸੀਰੀਆ ''ਚ ਹਵਾਈ ਹਮਲਿਆਂ ਦੌਰਾਨ 50 ਤੋਂ ਜ਼ਿਆਦਾ ਲੜਾਕਿਆਂ ਦੀ ਮੌਤ
Tuesday, Oct 27, 2020 - 01:55 AM (IST)
ਬੇਰੂਤ - ਉੱਤਰ-ਪੱਛਮੀ ਸੀਰੀਆ ਵਿਚ ਸਥਿਤ ਵਿਧ੍ਰੋਹੀਆਂ ਦੇ ਇਕ ਸਿਖਲਾਈ ਕੈਂਪ 'ਤੇ ਸੋਮਵਾਰ ਨੂੰ ਕੀਤੇ ਗਏ ਹਵਾਈ ਹਮਲੇ ਵਿਚ 50 ਤੋਂ ਜ਼ਿਆਦਾ ਲੜਾਕੇ ਮਾਰੇ ਗਏ। ਤੁਰਕੀ ਸਮਰਥਿਤ ਵਿਰੋਧੀ ਸਮੂਹ ਦੇ ਬੁਲਾਰੇ ਯੁਸੂਫ ਹਮੂਦ ਨੇ ਆਖਿਆ ਕਿ ਸੋਮਵਾਰ ਨੂੰ ਹੋਏ ਇਸ ਹਵਾਈ ਹਮਲੇ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਇਹ ਰੂਸ ਨੇ ਕੀਤਾ ਹੈ। ਉਥੇ ਰੂਸ ਵੱਲੋਂ ਫਿਲਹਾਲ ਕੋਈ ਬਿਆਨ ਨਹੀਂ ਆਇਆ ਹੈ।
ਹਮੂਦ ਨੇ ਆਖਿਆ ਕਿ ਹਵਾਈ ਹਮਲੇ ਵਿਚ ਇਦਲਿਬ ਸੂਬੇ ਦੇ ਫੈਲਾਕ ਅਲ ਸ਼ਾਮ ਵੱਲੋਂ ਸੰਚਾਲਿਤ ਸਿਖਲਾਈ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ। ਫੈਲਾਕ ਅਲ ਸ਼ਾਮ ਵਿਧ੍ਰੋਹੀਆਂ ਦੇ ਵੱਡੇ ਸੰਗਠਨਾਂ ਵਿਚੋਂ ਇਕ ਹੈ। ਤੁਰਕੀ ਲੰਬੇ ਸਮੇਂ ਤੋਂ ਸੀਰੀਆ ਵਿਚ ਵਿਧ੍ਰੋਹੀ ਬਲਾਂ ਨੂੰ ਸਮਰਥਨ ਦਿੰਦਾ ਰਿਹਾ ਹੈ ਅਤੇ ਉਸ ਦੇ ਕਈ ਲੜਾਕਿਆਂ ਦਾ ਇਸਤੇਮਾਲ ਲੀਬੀਆ ਅਤੇ ਅਜ਼ਰਬੈਜਾਨ ਵਿਚ ਕੀਤਾ ਗਿਆ ਹੈ। ਸੀਰੀਆ ਵਿਚ ਲੜਾਈ ਦੀ ਨਿਗਰਾਨੀ ਕਰਨ ਵਾਲੇ ਬ੍ਰਿਟੇਨ ਸਥਿਤ ਸੀਰੀਅਨ ਆਬਜ਼ਵੇਟਰੀ ਫਾਰ ਹਿਊਮਨ ਰਾਇਟਸ ਨੇ ਆਖਿਆ ਕਿ ਇਸ ਹਮਲੇ ਵਿਚ 78 ਲੜਾਕੇ ਮਾਰੇ ਗਏ ਹਨ ਅਤੇ ਕਰੀਬ 90 ਲੜਾਕੇ ਜ਼ਖਮੀ ਹੋਏ ਹਨ। ਰਾਹਤ ਅਤੇ ਬਚਾਅ ਅਭਿਆਨ ਹੁਣ ਵੀ ਜਾਰੀ ਹਨ। ਸੰਗਠਨ ਨੇ ਵੀ ਸ਼ੰਕਾ ਵਿਅਕਤ ਕੀਤੀ ਹੈ ਕਿ ਸ਼ਾਇਦ ਰੂਸ ਨੇ ਇਹ ਹਮਲਾ ਕੀਤਾ ਹੈ। ਰੂਸ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ ਦਾ ਸਮਰਥਨ ਕਰ ਰਿਹਾ ਹੈ।