ਮਿਆਮਾਂ : ਮੇਕਾਂਗ ਵਿਚ ਮਾਨਸੂਨ ਤੋਂ ਬਾਅਦ ਭਿਆਨਕ ਹੜ੍ਹ ਦਾ ਕਹਿਰ
Thursday, Aug 02, 2018 - 06:21 PM (IST)

ਬਾਗੋ (ਏ.ਐਫ.ਪੀ.)- ਮਿਆਮਾਂ ਦੇ ਮੇਕਾਂਗ ਖੇਤਰ ਵਿਚ ਹਾਲ ਦੇ ਦਿਨਾਂ ਵਿਚ ਪਏ ਮਾਨਸੂਨੀ ਮੀਂਹ ਤੋਂ ਬਾਅਦ ਹੜ੍ਹ ਆਉਣ ਨਾਲ ਡੇਢ ਲੱਖ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਮਜਬੂਰ ਹੋਣਾ ਪਿਆ। ਮੀਂਹ ਅਤੇ ਹੜ੍ਹ ਦੀ ਸਥਿਤੀ ਕਾਰਨ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ। ਪੂਰਬੀ ਦੱਖਣ ਦੇ ਕੁਝ ਹੇਠਲੇ ਇਲਾਕਿਆਂ ਵਿਚ ਹੜ੍ਹ ਦਾ ਪਾਣੀ ਘੱਟ ਰਿਹਾ ਹੈ ਪਰ ਮੁਲਕ ਵਿਚ ਅਜੇ ਮਾਨਸੂਨ ਦਾ ਮੌਸਮ ਸ਼ੁਰੂ ਹੋਇਆ ਹੈ ਅਤੇ ਆਉਣ ਵਾਲੇ ਹਫਤਿਆਂ ਵਿਚ ਹੋਰ ਮੀਂਹ ਪੈ ਸਕਦਾ ਹੈ। ਸਮੁੱਚੇ ਬਾਗੋ, ਕੇਰਨ, ਮੋਨ ਅਤੇ ਤਾਨਿਨਥਾਰੀ ਸੂਬੇ ਵਿਚ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿੱਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿਚ ਦਰਜਨਾਂ ਬੰਨ੍ਹ ਅਤੇ ਪਾਣੀ ਖਤਰੇ ਦੇ ਨਿਸ਼ਾਨ ਤੋਂ ਉਪਰ ਹੈ। ਸਰਕਾਰੀ ਮੀਡੀਆ ਨੇ ਕਿਹਾ ਕਿ ਤਕਰੀਬਨ ਡੇਢ ਲੱਖ ਲੋਕ 327 ਕੈਂਪਾਂ ਵਿਚ ਪਨਾਹ ਲੈਣ ਲਈ ਮਜਬੂਰ ਹਨ, ਜਦੋਂ ਕਿ 28 ਹਜ਼ਾਰ ਲੋਕ ਅਜੇ ਵੀ ਆਪਣੇ ਘਰਾਂ ਵਿਚ ਹੀ ਰੁਕੇ ਹੋਏ ਹਨ। ਇਨ੍ਹਾਂ ਮਕਾਨਾਂ ਵਿਚ ਹੜ੍ਹ ਦਾ ਪਾਣੀ ਆ ਚੁੱਕਾ ਹੈ। ਹਾਲਾਂਕਿ ਹਜ਼ਾਰਾਂ ਲੋਕਾਂ ਨੇ ਪਾਣੀ ਵਿਚ ਅੱਧੇ ਡੁੱਬੇ ਆਪਣੇ ਘਰਾਂ ਨੂੰ ਛੱਡਣ ਤੋਂ ਜਾਂ ਤਾਂ ਮਨਾਂ ਕਰ ਦਿੱਤਾ ਜਾਂ ਫਿਰ ਉਹ ਉਥੋਂ ਜਾਣਾ ਨਹੀਂ ਚਾਹੁੰਦੇ। ਉਹ ਆਪਣੇ ਘਰਾਂ ਦੀ ਉਪਰੀ ਮਜ਼ਿਲ 'ਤੇ ਸਥਿਤ ਤਾਕੀਆਂ ਜਾਂ ਛਤਾਂ 'ਤੇ ਰਹਿੰਦੇ ਹੋਏ ਰਾਹਤ ਕਿਸ਼ਤੀਆਂ ਰਾਹੀਂ ਖੁਰਾਕ ਸਮੱਗਰੀ ਅਤੇ ਹੋਰ ਸਾਮਾਨ ਦੀ ਉਡੀਕ ਕਰਦੇ ਨਜ਼ਰ ਆਉਂਦੇ ਹਨ।