ਮੋਡਰਨਾ ਨੇ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਪ੍ਰੀਖਣ ਕੀਤਾ ਸ਼ੁਰੂ, 6 ਮਹੀਨੇ ਦੇ ਮਾਸੂਮ ਵੀ ਸ਼ਾਮਲ

Wednesday, Mar 17, 2021 - 11:52 AM (IST)

ਮੋਡਰਨਾ ਨੇ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਪ੍ਰੀਖਣ ਕੀਤਾ ਸ਼ੁਰੂ, 6 ਮਹੀਨੇ ਦੇ ਮਾਸੂਮ ਵੀ ਸ਼ਾਮਲ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨੂੰ ਹਰਾਉਣ ਲਈ ਟੀਕਾਕਰਨ ਮੁਹਿੰਮ ਜਾਰੀ ਹੈ। ਦੇਸ਼ ਵਿੱਚ ਕੋਰੋਨਾ ਟੀਕੇ ਦੀ ਮੋਹਰੀ ਕੰਪਨੀ ਮੋਡਰਨਾ ਨੇ ਇਸ ਦੇ ਟੀਕਿਆਂ ਦਾ ਪ੍ਰੀਖਣ ਬੱਚਿਆਂ 'ਤੇ ਸ਼ੁਰੂ ਕੀਤਾ ਹੈ। ਇਸ ਸੰਬੰਧੀ ਮੋਡਰਨਾ ਨੇ ਮੰਗਲਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਨੇ ਛੇ ਮਹੀਨੇ ਤੋਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਕੋਵਿਡ-19 ਦੇ ਟੀਕੇ, ਐਮ.ਆਰ.ਐਨ.ਏ. -1273 ਦਾ ਅਧਿਐਨ ਸ਼ੁਰੂ ਕੀਤਾ ਹੈ। 

ਇਸ ਪ੍ਰੀਖਣ ਵਿੱਚ ਐਮ.ਆਰ.ਐਨ.ਏ. -1273 ਦੀਆਂ ਦੋ ਖੁਰਾਕਾਂ ਦੀ ਸੁਰੱਖਿਆ ਅਤੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾਵੇਗਾ ਜੋ ਕਿ 28 ਦਿਨਾਂ ਦੇ ਫਰਕ ਨਾਲ ਦਿੱਤੀਆਂ ਜਾਣਗੀਆਂ। ਕੰਪਨੀ ਅਨੁਸਾਰ ਇਸ ਅਧਿਐਨ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਤਕਰੀਬਨ 6,750 ਬੱਚਿਆਂ ਨੂੰ ਸ਼ਾਮਲ ਕਰਨ ਦਾ ਇਰਾਦਾ ਹੈ। ਅਮਰੀਕਾ ਵਿੱਚ ਮੋਡਰਨਾ ਦਾ ਕੋਰੋਨਾ ਵਾਇਰਸ ਟੀਕਾ ਪਹਿਲਾਂ ਹੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਐਮਰਜੈਂਸੀ ਵਰਤੋਂ ਲਈ ਅਧਿਕਾਰਤ ਕੀਤਾ ਗਿਆ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਪਾਪੂਆ ਨਿਊ ਗਿਨੀ ਨੂੰ ਭੇਜੇਗਾ 8000 ਕੋਵਿਡ ਵੈਕਸੀਨ : ਸਕੌਟ ਮੌਰੀਸਨ

ਇਸ ਦੇ ਇਲਾਵਾ ਦਸੰਬਰ ਵਿੱਚ ਸ਼ੁਰੂ ਹੋਏ ਇੱਕ ਵੱਖਰੇ ਅਧਿਐਨ ਵਿੱਚ, ਮੋਡਰਨਾ 12 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਵੀ ਐਮ.ਆਰ.ਐਨ.ਏ. -1273 ਦੀ ਜਾਂਚ ਕਰ ਰਹੀ ਹੈ। ਇਹ ਨਵਾਂ ਅਧਿਐਨ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫੈਕਸ਼ਨਸ ਰੋਗ (NIAID) ਅਤੇ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਟੀ (BARDA) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਨੋਟ- ਮੋਡਰਨਾ ਵੱਲੋਂ ਬੱਚਿਆਂ 'ਤੇ ਕੋਰੋਨਾ ਟੀਕੇ ਦੇ ਕੀਤੇ ਜਾ ਰਹੇ ਅਧਿਐਨ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News