POK 'ਚ ਟੁੱਟਿਆ ਪੁਲ, 5 ਵਿਦਿਆਰਥੀਆਂ ਦੀ ਮੌਤ ਤੇ 20 ਲੋਕ ਲਾਪਤਾ

Sunday, May 13, 2018 - 03:54 PM (IST)

ਲਾਹੌਰ (ਬਿਊਰੋ)— ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਵਿਚ ਇਕ ਨਦੀ 'ਤੇ ਬਣਿਆ ਪੁਰਾਣਾ ਲੱਕੜ ਦਾ ਪੁਲ ਟੁੱਟ ਗਿਆ। ਇਸ ਹਾਦਸੇ ਵਿਚ ਘੱਟ ਤੋਂ ਘੱਟੇ 5 ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ 20 ਤੋਂ ਜ਼ਿਆਦਾ ਲੋਕ ਨਦੀ ਵਿਚ ਡਿੱਗ ਗਏ। ਹਾਦਸੇ ਸਮੇਂ ਵਿਦਿਆਰਥੀ ਪੁਲ 'ਤੇ ਖੜ੍ਹੇ ਹੋ ਕੇ ਤਸਵੀਰਾਂ ਖਿੱਚ ਰਹੇ ਸਨ। ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਫੈਸਲਾਬਾਦ ਅਤ ਲਾਹੌਰ ਦੇ ਦੋ ਨਿੱਜੀ ਕਾਲਜਾਂ ਦੇ 20 ਸਾਲਾ ਵਿਦਿਆਰਥੀ ਨੀਲਮ ਘਾਟੀ ਵਿਚਲੇ ਪੁਲ 'ਤੇ ਤਸਵੀਰਾਂ ਲੈਣ ਲਈ ਰੁਕੇ ਸਨ ਪਰ ਅਚਾਨਕ ਆਏ ਪਾਣੀ ਦੇ ਵਹਾਅ ਵਿਚ ਪੁਲ ਟੁੱਟ ਗਿਆ ਅਤੇ ਉਹ ਰੁੜ੍ਹ ਗਏ। 
ਪੁਲਸ ਨੇ ਦੱਸਿਆ ਕਿ ਹੁਣ ਤੱਕ 5 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਜਦਕਿ ਲਾਪਤਾ ਸੈਲਾਨੀਆਂ ਨੂੰ ਬਚਾਉਣ ਦੀ ਮੁਹਿੰਮ ਜਾਰੀ ਹੈ। ਇਹ ਸਾਰੇ ਵਿਦਿਆਰਥੀ ਇਕ ਕਾਲਜ ਟ੍ਰਿਪ 'ਤੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਪੁਲ ਇਕ ਸਮੇਂ ਵਿਚ ਵੱਧ ਤੋਂ ਵੱਧ ਚਾਰ ਵਿਅਕਤੀਆਂ ਦੇ ਭਾਰ ਨੂੰ ਸਹਿਣ ਕਰ ਸਕਦਾ ਸੀ। ਇਸ ਸੰਬੰਧੀ ਚਿਤਾਵਨੀ ਬੋਰਡ ਵੀ ਲਗਾਇਆ ਗਿਆ ਸੀ। ਪਰ ਸੈਲਾਨੀਆਂ ਨੇ ਇਸ ਚਿਤਾਵਨੀ ਵੱਲ ਧਿਆਨ ਨਹੀਂ ਦਿੱਤਾ। ਉੱਧਰ ਪਾਕਿਸਤਾਨੀ ਪੀ.ਐੱਮ. ਸ਼ਾਹਿਦ ਖਾਕਾਨ ਅੱਬਾਸੀ ਨੇ ਡਿਪਟੀ ਕਮਿਸ਼ਨਰ ਨੂੰ ਬਚਾਅ ਕੰਮਾਂ ਵਿਚ ਤੇਜੀ ਲਿਆਉਣ ਅਤੇ ਲਾਪਰਵਾਹੀ ਲਈ ਜਿੰਮੇਵਾਰ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ।


Related News