ਨਹਿਰ ਦੇ ਪੁਲ ਨੇੜਿਓਂ ਝਾੜੀਆਂ ''ਚੋਂ ਮਿਲੀ ਲਾਸ਼, ਇਕ ਗ੍ਰਿਫ਼ਤਾਰ

Wednesday, Sep 11, 2024 - 05:11 PM (IST)

ਨਹਿਰ ਦੇ ਪੁਲ ਨੇੜਿਓਂ ਝਾੜੀਆਂ ''ਚੋਂ ਮਿਲੀ ਲਾਸ਼, ਇਕ ਗ੍ਰਿਫ਼ਤਾਰ

ਗੁਰਦਾਸਪੁਰ (ਹਰਮਨ) : ਥਾਣਾ ਪੁਰਾਣਾ ਸ਼ਾਲਾ ਅਧੀਨ ਪਿੰਡ ਸੀਰਕੀਆਂ ਵਿਖੇ ਨਹਿਰ ਦੇ ਪੁੱਲ ਨੇੜੇ ਝਾੜੀਆਂ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਕਾਰਨ ਪੁਲਸ ਨੇ 2 ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਇਕ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੁਖਦੇਵ ਰਾਜ ਪੁੱਤਰ ਸੁਰਜੀਤ ਕੁਮਾਰ ਵਾਸੀ ਬਰਿਆਰ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਮੁੰਡਾ ਧਰਮਪਾਲ ਪੁੱਤਰ ਜੋਗਿੰਦਰ ਪਾਲ ਵਾਸੀ ਬਰਿਆਰ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ।

ਉਹ 7 ਸਤੰਬਰ ਨੂੰ ਉਹ ਇਕ ਮੈਰਿਜ ਪੈਲਸ ਵਿਖੇ ਕੰਮ ਕਰਨ ਲਈ ਗਿਆ ਸੀ। ਦੁਪਹਿਰ ਵੇਲੇ ਬਿੱਟੂ ਵਾਸੀ ਬਰਿਆਰ ਅਤੇ ਲਵਪ੍ਰੀਤ ਵਾਸੀ ਭਾਗੀ ਚੱਕ ਜ਼ਿਲ੍ਹਾ ਕਠੂਆ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਸ ਦੇ ਕੰਮ ਵਾਲੀ ਜਗਾ 'ਤੇ ਆਏ ਅਤੇ ਧਰਮਪਾਲ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਏ ਕਿ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ।

ਉਸ ਨੇ ਦੋਸ਼ ਲਗਾਇਆ ਕਿ ਉਕਤ ਦੋਹਾਂ ਨੇ ਧਰਮਪਾਲ ਨੂੰ ਸਿਰਕੀਆਂ ਪੁੱਲ ਨਹਿਰ 'ਤੇ ਲਿਆ ਕੇ ਕਿਸੇ ਨਿੱਜੀ ਰੰਜਿਸ਼ ਕਰਕੇ ਪਾਣੀ ਵਿੱਚ ਡੋਬ ਕੇ ਮਾਰ ਦਿੱਤਾ ਹੈ। ਜਦੋਂ ਧਰਮਪਾਲ ਸ਼ਾਮ ਤੱਕ ਘਰ ਨਾ ਆਇਆ ਤਾਂ ਉਸ ਦੇ ਪਰਿਵਾਰ ਵਲੋਂ ਭਾਲ ਕਰਨ 'ਤੇ ਸਿਰਕੀਆਂ ਪੁੱਲ ਨੇੜੇ ਝਾੜੀਆਂ ਵਿਚੋਂ ਫਸੀ ਹੋਈ ਧਰਮਪਾਲ ਦੀ ਲਾਸ਼ ਮਿਲੀ ਹੈ। ਪੁਲਸ ਨੇ ਉਕਤ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਉਕਤ ਬਿੱਟੂ ਅਤੇ ਲਵਪ੍ਰੀਤ ਖ਼ਿਲਾਫ਼ ਪਰਚਾ ਦਰਜ ਕਰਕੇ ਬਿੱਟੂ ਨੂੰ ਗ੍ਰਿਫ਼ਤਾਰ ਕੀਤਾ ਹੈ।


author

Babita

Content Editor

Related News