ਤੇਲ ਅਵੀਵ ਹਵਾਈ ਅੱਡੇ 'ਤੇ ਮਿਜ਼ਾਈਲ ਹਮਲਾ, ਇੱਕ ਘੰਟੇ ਤੱਕ ਰੁਕੀਆਂ ਉਡਾਣਾਂ

Sunday, May 04, 2025 - 04:55 PM (IST)

ਤੇਲ ਅਵੀਵ ਹਵਾਈ ਅੱਡੇ 'ਤੇ ਮਿਜ਼ਾਈਲ ਹਮਲਾ, ਇੱਕ ਘੰਟੇ ਤੱਕ ਰੁਕੀਆਂ ਉਡਾਣਾਂ

ਬੇਨ ਗੁਰੀਅਨ (ਏਪੀ)- ਯਮਨ ਦੇ ਈਰਾਨ ਸਮਰਥਿਤ ਬਾਗ਼ੀਆਂ ਦੁਆਰਾ ਦਾਗੀ ਗਈ ਇੱਕ ਮਿਜ਼ਾਈਲ ਤੋਂ ਬਾਅਦ ਐਤਵਾਰ ਨੂੰ ਇਜ਼ਰਾਈਲ ਦੇ ਮੁੱਖ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣਾਂ ਲਗਭਗ ਇੱਕ ਘੰਟੇ ਤੱਕ ਰੁਕੀਆਂ ਰਹੀਆਂ। ਯਮਨ ਦੇ ਹੂਤੀ ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਈਲ ਕਾਰਨ ਧੂੰਏਂ ਦਾ ਬੱਦਲ ਉੱਠਦਾ ਦੇਖਿਆ ਗਿਆ ਅਤੇ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਮਿਜ਼ਾਈਲ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੇ ਇਕ ਅਹਿਮ ਬੈਠਕ ਬੁਲਾਈ ਹੈ। ਦੱਸਿਆ ਜਾ ਰਿਹਾ ਹੈ ਕਿ ਨੇਤਨਯਾਹੂ ਇਸ ਮੀਟਿੰਗ ਵਿਚ ਹੂਤੀ ਬਾਗੀਆਂ ਖ਼ਿਲਾਫ਼ ਆਪਣੀ ਕਾਰਵਾਈ ਸਬੰਧੀ ਚਰਚਾ ਕਰਨਗੇ। 

 

 

PunjabKesari

ਗਾਜ਼ਾ ਵਿੱਚ ਜੰਗ ਦੌਰਾਨ ਫਲਸਤੀਨੀਆਂ ਨਾਲ ਏਕਤਾ ਲਈ ਹੂਤੀ ਬਾਗ਼ੀ ਇਜ਼ਰਾਈਲ 'ਤੇ ਹਮਲੇ ਕਰ ਰਹੇ ਹਨ। ਬੇਨ-ਗੁਰੀਅਨ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਹਮਲਾ ਇਜ਼ਰਾਈਲੀ ਕੈਬਨਿਟ ਦੇ ਉੱਚ ਮੰਤਰੀਆਂ ਵੱਲੋਂ ਗਾਜ਼ਾ ਪੱਟੀ ਵਿੱਚ ਦੇਸ਼ ਦੇ ਫੌਜੀ ਆਪ੍ਰੇਸ਼ਨਾਂ ਨੂੰ ਤੇਜ਼ ਕਰਨ ਬਾਰੇ ਵੋਟ ਪਾਉਣ ਤੋਂ ਕੁਝ ਘੰਟੇ ਪਹਿਲਾਂ ਹੋਇਆ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਨੇ ਗਾਜ਼ਾ ਵਿੱਚ ਪੂਰੇ ਪੈਮਾਨੇ 'ਤੇ ਕਾਰਵਾਈ ਦੀ ਉਮੀਦ ਵਿੱਚ ਹਜ਼ਾਰਾਂ ਰਿਜ਼ਰਵ ਫੌਜੀਆਂ ਨੂੰ ਬੁਲਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਐਤਵਾਰ ਨੂੰ ਹੂਤੀ ਬਾਗੀਆਂ ਵੱਲੋਂ ਦਾਗੀ ਗਈ ਮਿਜ਼ਾਈਲ ਤੋਂ ਬਾਅਦ ਇਜ਼ਰਾਈਲ ਦੇ ਕਈ ਹਿੱਸਿਆਂ ਵਿੱਚ ਹਵਾਈ ਹਮਲੇ ਦੇ ਸਾਇਰਨ ਵੱਜੇ। ਇਜ਼ਰਾਈਲੀ ਮੀਡੀਆ ਵੱਲੋਂ ਪ੍ਰਸਾਰਿਤ ਤਸਵੀਰਾਂ ਅਨੁਸਾਰ ਹਵਾਈ ਅੱਡੇ 'ਤੇ ਧੂੰਏਂ ਦੇ ਬੱਦਲ ਦਿਖਾਈ ਦੇ ਰਹੇ ਸਨ। ਤਸਵੀਰਾਂ ਵਿੱਚ ਯਾਤਰੀ ਘਬਰਾਹਟ ਵਿੱਚ ਚੀਕਦੇ ਅਤੇ ਛੁਪਣ ਲਈ ਭੱਜਦੇ ਦਿਖਾਈ ਦੇ ਰਹੇ ਹਨ। 

 

PunjabKesari

ਪੜ੍ਹੋ ਇਹ ਅਹਿਮ ਖ਼ਬਰ-'ਭਾਰਤ ਨੇ ਹਮਲਾ ਕੀਤਾ ਤਾਂ UK ਭੱਜ ਜਾਵਾਂਗਾ', ਪਾਕਿ MP ਦਾ ਬਿਆਨ ਵਾਇਰਲ

ਪੁਲਸ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਹਵਾਈ, ਸੜਕੀ ਅਤੇ ਰੇਲ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਇਜ਼ਰਾਈਲ ਹਵਾਈ ਅੱਡਾ ਅਥਾਰਟੀ ਨੇ ਕਿਹਾ ਕਿ ਆਵਾਜਾਈ ਲਗਭਗ ਇੱਕ ਘੰਟੇ ਬਾਅਦ ਮੁੜ ਸ਼ੁਰੂ ਹੋਈ। ਇਜ਼ਰਾਈਲ ਦੀ ਪੈਰਾਮੈਡਿਕ ਸੇਵਾ ਮੈਗੇਨ ਡੇਵਿਡ ਐਡੋਮ ਨੇ ਕਿਹਾ ਕਿ ਚਾਰ ਲੋਕ ਮਾਮੂਲੀ ਜ਼ਖਮੀ ਹੋਏ ਹਨ। ਹੂਤੀ ਬਾਗੀਆਂ ਦੇ ਫੌਜੀ ਬੁਲਾਰੇ ਬ੍ਰਿਗੇਡੀਅਰ ਜਨਰਲ ਯਾਹੀਆ ਸਾਰੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਸਮੂਹ ਨੇ ਹਵਾਈ ਅੱਡੇ 'ਤੇ ਇੱਕ ਹਾਈਪਰਸੋਨਿਕ ਬੈਲਿਸਟਿਕ ਮਿਜ਼ਾਈਲ ਦਾਗੀ। ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਹਵਾਈ ਅੱਡੇ 'ਤੇ ਹਮਲੇ ਦਾ ਬਦਲਾ ਲੈਣ ਦੀ ਸਹੁੰ ਖਾਧੀ। ਉਸਨੇ ਕਿਹਾ, "ਜੋ ਕੋਈ ਸਾਨੂੰ ਨੁਕਸਾਨ ਪਹੁੰਚਾਏਗਾ, ਅਸੀਂ ਉਸਨੂੰ ਸੱਤ ਗੁਣਾ ਹੋਰ ਨੁਕਸਾਨ ਪਹੁੰਚਾਵਾਂਗੇ।" ਇੱਥੇ ਦੱਸ ਦਈਏ ਕਿ ਇਜ਼ਰਾਈਲ ਦੇ ਤੇਲ ਅਵੀਵ ਹਵਾਈ ਅੱਡੇ 'ਤੇ ਹੋਏ ਮਿਜ਼ਾਈਲ ਹਮਲੇ ਤੋਂ ਬਾਅਦ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਤੇਲ ਅਵੀਵ ਜਾ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅਬੂ ਧਾਬੀ ਵੱਲ ਮੋੜ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News