ਕੋਰੋਨਾ ਸਬੰਧੀ ਦਿੱਤੀ ਗਲਤ ਸੂਚਨਾ, ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਫੇਸਬੁੱਕ ਪੇਜ ਬਲਾਕ
Sunday, Mar 28, 2021 - 04:19 PM (IST)
ਕਰਾਕਾਸ : ਕੋਰੋਨਾ ਦੀ ਲਾਗ (ਮਹਾਮਾਰੀ) ਨੇ ਪੂਰੇ ਵਿਸ਼ਵ ਨੂੰ ਇਕ ਵਾਰ ਫਿਰ ਆਪਣੀ ਲਪੇਟ ’ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਦੌਰਾਨ ਕੋਰੋਨਾ ਵਾਇਰਸ ਸਬੰਧੀ ਗਲਤ ਸੂਚਨਾ ਫੈਲਾਉਣ ’ਤੇ ਫੇਸਬੁੱਕ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਪੇਜ ਬਲਾਕ ਕਰ ਦਿੱਤਾ ਹੈ। ਮਾਦੁਰੋ ਨੇ ਇਸ ਤੋਂ ਪਹਿਲਾਂ ਅਜਵਾਇਣ ਨਾਲ ਬਣੀ ਦਵਾਈ ਕਾਰਵਾਤੀਵੀਰ ਨੂੰ ਇਸ ਲਾਗ ਲਈ ਬਹੁਤ ਹੀ ਅਸਰਦਾਇਕ ਦੱਸਿਆ ਸੀ।
ਇਹ ਵੀ ਪੜ੍ਹੋ- ਪਾਕਿ ’ਚ ਕੋਰੋਨਾ ਦਾ ਕਹਿਰ, 24 ਘੰਟਿਆਂ ’ਚ ਆਏ ਇੰਨੇ ਮਾਮਲੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਸਬੁੱਕ ਦੇ ਬੁਲਾਰੇ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਡਬਲਯੂ. ਐੱਚ. ਓ. (WHO) ਦੇ ਹੁਕਮਾਂ ਦਾ ਪਾਲਣ ਕਰਦੇ ਹਾਂ। ਡਬਲਯੂ. ਐੱਚ. ਓ. ਨੇ ਅਜੇ ਕਿਸੇ ਵੀ ਦਵਾਈ ਨੂੰ ਮਾਨਤਾ ਨਹੀਂ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕਰਨ ਕਰਕੇ ਹੀ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਦਾ ਅਕਾਊਂਟ 30 ਦਿਨਾਂ ਲਈ ਬਲਾਕ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਬਿਨਾਂ ਕਿਸੇ ਮੈਡੀਕਲ ਸਬੂਤ ਦੇ ਇਹ ਦਾਅਵਾ ਕੀਤਾ ਕਿ ਕਾਰਵਾਤੀਵੀਰ ਦਵਾਈ ਬਹੁਤ ਅਸਰਦਾਇਕ ਹੈ।
ਫੇਸਬੁੱਕ ’ਤੇ ਵਰ੍ਹਿਆ ਵੈਨੇਜ਼ੁਏਲਾ ਦਾ ਰਾਸ਼ਟਰਪਤੀ
ਰਾਸ਼ਟਰਪਤੀ ਨੇ ਇਸ ਵੀਡੀਓ ਨੂੰ ਹਟਾ ਦਿੱਤਾ ਹੈ। ਇਸ ਵੀਡੀਓ ਨਾਲ ਲੋਕਾਂ ਦੀ ਜਾਨ ਖਤਰੇ ’ਚ ਪੈ ਸਕਦੀ ਸੀ, ਜਿਸ ’ਚ ਉਹ ਦਾਅਵਾ ਕਰ ਰਹੇ ਸਨ ਕਿ ਇਸ ਦੀਆਂ ਕੁਝ ਬੂੰਦਾਂ ਹੀ ਕੋਰੋਨਾ ਤੋਂ ਛੁਟਕਾਰਾ ਦਿਵਾ ਸਕਦੀਆਂ ਹਨ ਅਤੇ ਇਸ ਦਾ ਕੋਈ ਗਲਤ ਅਸਰ ਵੀ ਨਹੀਂ ਹੋਵੇਗਾ।
ਰਾਸ਼ਟਰਪਤੀ ਮਾਦੁਰੋ ਨੇ ਫੇਸਬੁੱਕ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਵੈਨੇਜ਼ੁਏਲਾ ਦਾ ਮੁਖੀ ਕੌਣ ਹੈ, ਮੈਂ ਜਾਂ ਡਬਲਯੂ. ਐੱਚ. ਓ. ? ਫੇਸਬੁੱਕ ਦਾ ਮਾਲਕ ਕੌਣ ਹੈ ? ਕੀ ਇਹ ਫੇਸਬੁੱਕ ਦੇ ਮਾਲਕ ਹਨ ? ਰਾਸ਼ਟਰਪਤੀ ਮਾਦੁਰੋ ਦਾ ਪੇਜ ਬਲਾਕ ਕਰਨ ’ਤੇ ਵੈਨੇਜ਼ੁਏਲਾ ਦੇ ਸੂਚਨਾ ਮੰਤਰਾਲਾ ਨੇ ਕੋਈ ਟਿੱਪਣੀ ਨਹੀਂ ਕੀਤੀ।