ਵੱਡੀ ਖਬਰ: ਨਾਈਜੀਰੀਆ ''ਚ 32 ਲੋਕਾਂ ਨੂੰ ਲੈ ਕੇ ਜਾ ਰਿਹਾ ਫੌਜੀ ਜਹਾਜ਼ ਹਾਦਸਾਗ੍ਰਸਤ
Monday, Oct 05, 2026 - 09:18 PM (IST)
ਓਂਡੋ (ਨਾਈਜੀਰੀਆ) : ਦੱਖਣੀ ਨਾਈਜੀਰੀਆ ਦੇ ਓਂਡੋ ਸੂਬੇ ਵਿੱਚ ਸੋਮਵਾਰ ਨੂੰ 25 ਯਾਤਰੀਆਂ ਅਤੇ 7 ਕ੍ਰਿਊ ਮੈਂਬਰਾਂ (ਕੁੱਲ 32 ਲੋਕਾਂ) ਨੂੰ ਲੈ ਕੇ ਜਾ ਰਿਹਾ ਇੱਕ ਫੌਜੀ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਅਧਿਕਾਰੀਆਂ ਵੱਲੋਂ ਵੱਡੇ ਪੱਧਰ 'ਤੇ ਤਲਾਸ਼ੀ ਅਤੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਗਿਆ ਹੈ। ਹਾਲਾਂਕਿ, ਹਾਦਸੇ ਵਿੱਚ ਹੋਏ ਜਾਨੀ ਨੁਕਸਾਨ ਬਾਰੇ ਫਿਲਹਾਲ ਕੋਈ ਤੁਰੰਤ ਜਾਣਕਾਰੀ ਨਹੀਂ ਮਿਲ ਸਕੀ ਹੈ।
ਨਾਈਜੀਰੀਆ ਦੇ ਹਵਾਬਾਜ਼ੀ ਮੰਤਰੀ ਫੇਸਟਸ ਕੇਯਾਮੋ ਅਨੁਸਾਰ ਇਹ ਜਹਾਜ਼ ਦੇਸ਼ ਦੇ ਆਰਥਿਕ ਕੇਂਦਰ ਲਾਗੋਸ ਲਈ ਇੱਕ ਨਿਯਮਿਤ (ਰੁਟੀਨ) ਮਿਸ਼ਨ 'ਤੇ ਸੀ, ਜਦੋਂ ਇਹ ਓਂਡੋ ਰਾਜ ਦੇ ਨਦੀ ਕੰਢੇ ਵਸੇ ਕਸਬੇ ਇਗਬੋਕੋਡਾ ਵਿੱਚ ਹਾਦਸਾਗ੍ਰਸਤ ਹੋ ਗਿਆ। ਮੰਤਰੀ ਕੇਯਾਮੋ ਨੇ ਦੱਸਿਆ ਕਿ ਜਹਾਜ਼ ਸਥਾਨਕ ਸਮੇਂ ਅਨੁਸਾਰ ਸਵੇਰੇ ਲਗਭਗ 9 ਵਜੇ ਰਡਾਰ ਤੋਂ ਗਾਇਬ ਹੋ ਗਿਆ ਸੀ ਅਤੇ ਬਾਅਦ ਵਿੱਚ ਇੱਕ ਨੇਵਲ ਬੇਸ ਦੇ ਨੇੜੇ ਡਿੱਗਿਆ ਪਾਇਆ ਗਿਆ।
ਨਾਈਜੀਰੀਅਨ ਏਅਰ ਫੋਰਸ ਨੇ ਇਸ ਹਵਾਈ ਜਹਾਜ਼ ਦੀ ਪਛਾਣ ATR-42 ਵਜੋਂ ਕੀਤੀ ਹੈ। ਏਅਰ ਫੋਰਸ ਦੇ ਬੁਲਾਰੇ ਏਹੀਮੇਨ ਏਜੋਦਾਮੇ ਨੇ ਦੱਸਿਆ ਕਿ ਸਬੰਧਤ ਅਧਿਕਾਰੀਆਂ ਅਤੇ ਸੰਕਟਕਾਲੀਨ ਏਜੰਸੀਆਂ ਦੇ ਤਾਲਮੇਲ ਨਾਲ ਤਲਾਸ਼ੀ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਹਾਜ਼ ਨੂੰ ਕਿੰਨਾ ਨੁਕਸਾਨ ਪਹੁੰਚਿਆ ਹੈ, ਇਸ ਬਾਰੇ ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ।
ਸਥਾਨਕ ਲੋਕਾਂ ਨੇ ਦੱਸਿਆ ਕਿ ਜਹਾਜ਼ ਇੱਕ ਨਦੀ ਦੇ ਨੇੜੇ ਡਿੱਗਿਆ ਅਤੇ ਉਸ ਦਾ ਇੱਕ ਹਿੱਸਾ ਪਾਣੀ ਵਿੱਚ ਡੁੱਬ ਰਿਹਾ ਸੀ। ਘਟਨਾ ਦੇ ਚਸ਼ਮਦੀਦ ਅਕਿਨਬੁਲੇਜੋ ਪਿਊਸ ਅਨੁਸਾਰ, "ਅਸੀਂ ਬੱਦਲ ਗਰਜਣ ਵਰਗੀ ਤੇਜ਼ ਆਵਾਜ਼ ਸੁਣੀ। ਜਹਾਜ਼ ਕੁਝ ਰੁੱਖਾਂ ਨੂੰ ਕੱਟਦਾ ਹੋਇਆ ਲੰਘਿਆ ਅਤੇ ਸਾਨੂੰ ਮੌਕੇ 'ਤੇ ਕੁਝ ਸਰੀਰ ਦੇ ਅੰਗ, ਕੱਪੜੇ ਅਤੇ ਜੁੱਤੇ ਮਿਲੇ ਹਨ"। ਜ਼ਿਕਰਯੋਗ ਹੈ ਕਿ ਨਾਈਜੀਰੀਅਨ ਫੌਜ ਅਤੀਤ ਵਿੱਚ ਖੁਫੀਆ ਜਾਣਕਾਰੀ, ਨਿਗਰਾਨੀ, ਜਾਸੂਸੀ (ISR) ਅਤੇ ਫੌਜੀਆਂ ਤੇ ਸਮੱਗਰੀ ਦੀ ਢੋਆ-ਢੁਆਈ ਲਈ ATR-42 ਜਹਾਜ਼ਾਂ ਦੀ ਵਰਤੋਂ ਕਰਦੀ ਰਹੀ ਹੈ।
