ਇੰਟਰਨੈੱਟ ''ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ ਬਣ ਰਿਹਾ ਖ਼ਤਰਾ

Thursday, Oct 08, 2026 - 05:08 PM (IST)

ਇੰਟਰਨੈੱਟ ''ਤੇ ਚੀਨ ਦਾ ਵਧਦਾ ਜਾ ਰਿਹਾ ਪ੍ਰਭਾਵ ! ਪੂਰੀ ਦੁਨੀਆ ਦੇ ਨੈੱਟਵਰਕ ਲਈ ਬਣ ਰਿਹਾ ਖ਼ਤਰਾ

ਇੰਟਰਨੈਸ਼ਨਲ ਡੈਸਕ- ਗਲੋਬਲ ਇੰਟਰਨੈੱਟ ਬੁਨਿਆਦੀ ਢਾਂਚੇ 'ਤੇ ਚੀਨ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ, ਜੋ ਕਿ ਪੂਰੀ ਦੁਨੀਆ ਦੇ ਇੰਟਰਨੈੱਟ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਰਿਪੋਰਟਾਂ ਅਨੁਸਾਰ, ਚੀਨੀ ਸਟੇਟ-ਸਮਰਥਿਤ ਅਤੇ ਟੈਲੀਕਾਮ ਕੰਪਨੀਆਂ ਦੁਆਰਾ ਵਿਸ਼ਵ ਪੱਧਰੀ ਇੰਟਰਨੈੱਟ ਨੈੱਟਵਰਕ 'ਤੇ ਕੰਟਰੋਲ ਵਧਾਉਣ ਦੇ ਯਤਨ ਗਲੋਬਲ ਡਾਟਾ ਸੁਰੱਖਿਆ ਅਤੇ ਕਮਿਊਨੀਕੇਸ਼ਨ ਸਿਸਟਮ ਲਈ ਵੱਡੀ ਚੁਣੌਤੀ ਬਣ ਰਹੇ ਹਨ।

ਚੀਨ ਦੀ ਸਰਕਾਰੀ ਸ਼ਹਿ ਪ੍ਰਾਪਤ ਟੈਲੀਕਾਮ ਕੰਪਨੀ ਹੁਆਵੇਈ ਗਲੋਬਲ ਇੰਟਰਨੈੱਟ ਦੇ ਵਿਸ਼ਾਲ ਬੁਨਿਆਦੀ ਢਾਂਚੇ 'ਤੇ ਆਪਣਾ ਕੰਟਰੋਲ ਵਧਾ ਰਹੀ ਹੈ। ਅਮਰੀਕੀ ਸੁਰੱਖਿਆ ਮਾਹਿਰਾਂ ਅਨੁਸਾਰ, ਇਸ ਨਾਲ ਅੰਤਰਰਾਸ਼ਟਰੀ ਡਾਟਾ ਟ੍ਰੈਫਿਕ, ਸਾਈਬਰ ਜਾਸੂਸੀ ਅਤੇ ਡਾਟਾ ਟ੍ਰਾਂਸਮਿਟਿੰਗ 'ਤੇ ਬੀਜਿੰਗ ਦੀ ਪਕੜ ਮਜ਼ਬੂਤ ਹੋਣ ਦਾ ਅਸਲ ਜੋਖਮ ਹੈ।

ਇਸ ਤੋਂ ਇਲਾਵਾ ਦੁਨੀਆ ਭਰ ਵਿੱਚ ਡਾਟਾ ਪਹੁੰਚਾਉਣ ਵਾਲੀਆਂ ਸਮੁੰਦਰੀ ਹੇਠਲੀਆਂ ਫਾਈਬਰ-ਆਪਟਿਕ ਕੇਬਲਾਂ ਵਿੱਚ ਚੀਨੀ ਕੰਪਨੀਆਂ ਦੀ ਵੱਧਦੀ ਹਿੱਸੇਦਾਰੀ 'ਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ। ਇਸ ਰਾਹੀਂ ਚੀਨੀ ਫੌਜ ਅਤੇ ਖ਼ੁਫ਼ੀਆ ਏਜੰਸੀਆਂ ਕੋਲ ਗਲੋਬਲ ਕਮਿਊਨੀਕੇਸ਼ਨ ਸਿਸਟਮ ਨੂੰ ਪ੍ਰਭਾਵਿਤ ਕਰਨ ਜਾਂ ਲੋੜ ਪੈਣ 'ਤੇ ਇਸ 'ਚ ਵਿਘਨ ਪਾਉਣ ਦੀ ਸਮਰੱਥਾ ਆ ਰਹੀ ਹੈ।

ਮਾਹਿਰਾਂ ਅਨੁਸਾਰ, ਚੀਨ ਨੂੰ ਆਪਣੇ ਵਿਰੋਧੀਆਂ ਜਾਂ ਗੁਆਂਢੀ ਖੇਤਰਾਂ 'ਤੇ ਦਬਾਅ ਬਣਾਉਣ ਲਈ ਸਿਰਫ਼ ਫੌਜੀ ਨਾਕੇਬੰਦੀ ਦੀ ਲੋੜ ਨਹੀਂ ਹੈ, ਸਗੋਂ ਕਮਿਊਨੀਕੇਸ਼ਨ ਸਿਸਟਮ 'ਚ ਰੁਕਾਵਟ ਪਾ ਕੇ ਹੀ ਊਰਜਾ, ਆਵਾਜਾਈ ਅਤੇ ਆਰਥਿਕਤਾ 'ਤੇ ਵੱਡਾ ਪ੍ਰਭਾਵ ਪਾਇਆ ਜਾ ਸਕਦਾ ਹੈ।

ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦੁਆਰਾ ਚੀਨੀ ਤਕਨਾਲੋਜੀ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ, ਬੀਜਿੰਗ ਵਿਕਾਸਸ਼ੀਲ ਦੇਸ਼ਾਂ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਆਪਣੇ 5G/6G ਅਤੇ ਇੰਟਰਨੈੱਟ ਨੈੱਟਵਰਕਾਂ ਦਾ ਨਿਰੰਤਰ ਵਿਸਥਾਰ ਕਰ ਰਿਹਾ ਹੈ, ਜਿਸ ਦਾ ਮੁਕਾਬਲਾ ਕਰਨ ਲਈ ਪੱਛਮੀ ਦੇਸ਼ਾਂ ਨੂੰ ਇੱਕਜੁੱਟ ਰਣਨੀਤੀ ਬਣਾਉਣ ਦੀ ਲੋੜ ਹੈ।


author

Harpreet SIngh

Content Editor

Related News