ਪਾਕਿ ''ਚ ਅੱਤਵਾਦੀਆਂ ਨੇ ਧਮਾਕੇ ਨਾਲ ਉਡਾਇਆ ਕੁੜੀਆਂ ਦਾ ਸਕੂਲ

Monday, Jul 22, 2024 - 05:23 PM (IST)

ਪੇਸ਼ਾਵਰ : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਇਲਾਕੇ ਵਿਚ ਅਣਪਛਾਤੇ ਅੱਤਵਾਦੀਆਂ ਨੇ ਲੜਕੀਆਂ ਦੇ ਸਕੂਲ ਨੂੰ ਨਿਸ਼ਾਨਾ ਬਣਾਇਆ ਹੈ। ਇਸ ਦੀ ਜਾਣਕਾਰੀ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਹੈ। ਇਸ ਹਮਲੇ ਵਿਚ ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ।

ਖੈਬਰ ਪਖਤੂਨਖਵਾ ਦੇ ਸਿੱਖਿਆ ਮੰਤਰੀ ਫੈਜ਼ਲ ਖਾਨ ਤਾਰਾਕਾਈ ਨੇ ਕਿਹਾ ਕਿ ਅੱਤਵਾਦੀਆਂ ਨੇ ਸਰਕਾਰੀ ਗਰਲਜ਼ ਮਿਡਲ ਸਕੂਲ, ਜੋ ਕਿ ਵਜ਼ੀਰਿਸਤਾਨ ਕਬਾਇਲੀ ਜ਼ਿਲ੍ਹੇ 'ਚ ਸਥਿਤ ਹੈ, ਨੂੰ ਐਤਵਾਰ ਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਧਮਾਕੇ ਨਾਲ ਉਡਾ ਦਿੱਤਾ। ਇਸ ਧਮਾਕੇ ਵਿਚ ਸਕੂਲ ਦੇ ਸੱਤ ਕਮਰੇ ਜ਼ਮੀਨਦੋਸ਼ ਹੋ ਗਏ। ਇਸ ਸਕੂਲ ਵਿਚ ਕੁੱਲ 255 ਲੜਕੀਆਂ ਪੜ੍ਹਦੀਆਂ ਸਨ।

ਤਾਰਕਾਈ ਨੇ ਕਿਹਾ ਕਿ ਸਕੂਲ ਨੂੰ ਜਲਦ ਹੀ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀਆਂ ਦਾ ਕਾਇਰਾਨਾ ਹਮਲਾ ਹੈ। ਇਸ ਨਾਲ ਕਬਾਇਲੀ ਇਲਾਕਿਆਂ ਵਿਚ ਸਿੱਖਿਆ ਦਾ ਪ੍ਰਸਾਰ ਨਹੀਂ ਰੁਕੇਗਾ। ਸਿੱਖਿਆ ਮੁਹੱਈਆ ਕਰਵਾਉਣਾ ਖੈਬਰ ਪਖਤੂਨਖਵਾ ਸਰਕਾਰ ਦੀ ਮੁੱਖ ਤਰਜੀਹ ਹੈ। ਤਾਲਿਬਾਨ ਤੇ ਇਸ ਦੀਆਂ ਸਾਥੀ ਜਥੇਬੰਦੀਆਂ ਲੜਕੀਆਂ ਦੀ ਸਿੱਖਿਆ ਦੇ ਖਿਲਾਫ ਹਨ ਤੇ ਇਸ ਨੂੰ ਗੈਰ-ਇਸਲਾਮੀ ਦੱਸਦੇ ਹਨ। ਮਈ ਵਿਚ ਇਸੇ ਤਰ੍ਹਾਂ ਦੀ ਘਟਨਾ ਵਿਚ ਉੱਤਰੀ ਵਜ਼ੀਰਿਸਤਾਨ ਵਿਚ ਲੜਕੀਆਂ ਦੇ ਇਕ ਪ੍ਰਾਈਵੇਟ ਸਕੂਲ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ ਸੀ।


Baljit Singh

Content Editor

Related News