ਇਟਲੀ ''ਚ ਕੱਚੇ ਭਾਰਤੀਆਂ ਦੀ ਮਦਦ ਲਈ ''ਮਿਲਾਨ ਅੰਬੈਸੀ'' ਨੂੰ ਮੰਗ ਪੱਤਰ

08/26/2019 8:14:17 AM

ਮਿਲਾਨ, (ਸਾਬੀ ਚੀਨੀਆ)— ਇਟਲੀ 'ਚ ਬਿਨਾਂ ਪੇਪਰਾਂ ਤੋਂ ਰਹਿ ਰਹੇ ਭਾਰਤੀ ਨੌਜਵਾਨਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਮਿਸ਼ਨ ਮੋਦੀ ਅਗੇਨ ਪੀ. ਐੱਮ. ਦੀ ਯੂਰਪ ਇਕਾਈ ਦੇ ਪ੍ਰਧਾਨ ਸ਼੍ਰੀ ਅਨਿਲ ਸ਼ਰਮਾ, ਇਟਲੀ ਇਕਾਈ ਦੇ ਪ੍ਰਧਾਨ ਸ਼੍ਰੀ ਰਘਬੀਰ ਸਿੰਘ ਜਟਾਣਾ, ਜਨਰਲ ਸਕੱਤਰ ਯੂਰਪ ਦੇ ਸ਼੍ਰੀ ਸੋਨੂੰ ਵਰਮਾ ਵਲੋਂ ਭਾਰਤੀ ਅੰਬੈਸੀ ਮਿਲਾਨ ਕੌਂਸਲਰ ਜਨਰਲ ਸ਼੍ਰੀ ਬਿਨੋਈ ਜਾਰਜ ਅਤੇ ਵਾਈਸ ਕੌਂਸਲਰ ਰਾਜੀਵ ਭਾਟੀਆ ਨੂੰ ਇਕ ਮੰਗ ਪੱਤਰ ਸੌਂਪਿਆ ਹੈ। ਇਸ ਵਿਚ ਉਨ੍ਹਾਂ ਨੇ ਇਟਲੀ 'ਚ ਵੱਸਦੇ ਭਾਰਤੀਆਂ ਦੀਆਂ ਪਾਸਪੋਰਟ ਸਬੰਧੀ ਮੁਸ਼ਕਲਾਂ ਨੂੰ ਉਭਾਰਦਿਆਂ ਉਨ੍ਹਾਂ ਦੇ ਹੱਲ ਕਰਨ ਲਈ ਮੰਗ ਰੱਖੀ ਹੈ, ਇਸ ਸਬੰਧੀ ਪ੍ਰਧਾਨ ਸ਼੍ਰੀ ਅਨਿਲ ਸ਼ਰਮਾ ਨੇ ਦੱਸਿਆ ਕਿ ਇਟਲੀ ਵਿਚ ਬਹੁਤ ਸਾਰੇ ਭਾਰਤੀ, ਜੋ ਲੰਬੇ ਸਮੇਂ ਤੋਂ ਇਟਲੀ ਵਿਚ ਰਹਿ ਰਹੇ ਹਨ ਪਰ ਕਿਸੇ ਕਾਰਣ ਉਨ੍ਹਾਂ ਦੇ ਇਟਾਲੀਅਨ ਪੇਪਰ ਨਹੀਂ ਬਣ ਸਕੇ ਤੇ ਉਨ੍ਹਾਂ ਦੇ ਭਾਰਤੀ ਪਾਸਪੋਰਟ ਦੀ ਮਿਆਦ ਲੰਘ ਗਈ ਹੈ ਤੇ ਬਗੈਰ ਪਾਸਪੋਰਟ ਤੋਂ ਉਹ ਭਾਰਤੀ ਇਟਲੀ ਦੇ ਪੇਪਰ ਨਹੀਂ ਬਣਾ ਸਕਦੇ।

ਉਨ੍ਹਾਂ ਮੰਗ ਰੱਖੀ ਕਿ ਉਨ੍ਹਾਂ ਵਿਅਕਤੀਆਂ ਦੇ ਭਾਰਤੀ ਪਾਸਪੋਰਟ ਰੀਨਿਊ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਇਥੇ ਪੇਪਰ ਅਸਾਨੀ ਨਾਲ ਮਿਲ ਸਕਣ। ਦੂਸਰੀ ਮੰਗ ਵਿਚ ਉਨ੍ਹਾਂ ਦੱਸਿਆ ਕਿ ਇਟਲੀ ਵਿਚ ਰਹਿਣ ਵਾਲੇ ਭਾਰਤੀਆਂ ਨੂੰ ਅੰਬੈਸੀ ਵਲੋਂ ਆਨਲਾਈਨ ਸੇਵਾ ਦਿੱਤੀ ਜਾਵੇ, ਜਿਸ ਵਿਚ ਜਿਵੇਂ ਕਿ ਪਾਸਪੋਰਟ ਦੀ ਡਿਟੇਲ ਬਾਰੇ, ਕੋਈ ਜ਼ਮੀਨ-ਜਾਇਦਾਦ ਲਈ ਐੱਨ.ਓ.ਸੀ. ਦਾ ਡਾਕੂਮੈਂਟ ਬਣਾਉਣ ਹੋਵੇ। ਇਸ ਮੌਕੇ ਸ਼੍ਰੀ ਸ਼ਰਮਾ ਨੇ ਅੰਬੈਸੀ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਿਲਾਨ ਅੰਬੈਸੀ ਸਟਾਫ ਬਹੁਤ ਵਧੀਆ ਕਾਰਗੁਜ਼ਾਰੀ ਦਿਖਾ ਰਿਹਾ ਹੈ, ਜੋ ਨਾਰਥ ਇਟਲੀ ਵਿਚ ਜਗ੍ਹਾ-ਜਗ੍ਹਾ ਪਾਸਪੋਰਟ ਕੈਂਪ ਲਾ ਰਹੇ ਹਨ, ਜਿਸ ਦਾ ਫਾਇਦਾ ਭਾਰਤੀ ਭਾਈਚਾਰੇ ਨੂੰ ਹੋ ਰਿਹਾ ਹੈ, ਇਸ ਮੌਕੇ ਅੰਬੈਸੀ ਮਿਲਾਨ ਅਧਿਕਾਰੀਆਂ ਨੇ ਦੱਸਿਆ ਕਿ ਸੈਂਕੜੇ ਪਾਸਪੋਰਟ ਕੋਈ 4-5 ਸਾਲਾਂ ਤੋਂ ਤਿਆਰ ਹੋਏ ਪਏ ਹਨ ਪਰ ਉਨ੍ਹਾਂ ਨੂੰ ਅਪਲਾਈ ਕਰਨ ਵਾਲੇ ਪਾਸਪੋਰਟ ਲੈਣ ਨਹੀਂ ਆ ਰਹੇ। ਸ਼ਰਮਾ ਨੇ ਭਾਰਤੀ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪਾਸਪੋਰਟ ਅਪਲਾਈ ਕਰਵਾਉਂਦੇ ਹੋ ਤਾਂ ਵਾਪਸ ਲੈਣਾ ਵੀ ਤੁਹਾਡੀ ਜ਼ਿੰਮੇਵਾਰੀ ਹੈ। ਸੋ ਜਿਨ੍ਹਾਂ ਦੇ ਪਾਸਪੋਰਟ ਤਿਆਰ ਹੋਏ ਪਏ ਹਨ, ਉਹ ਕਿਰਪਾ ਕਰਕੇ ਅੰਬੈਸੀ ਵਿਚ ਜਾ ਕੇ ਕਿਸੇ ਵੀ ਕੰਮ ਵਾਲੇ ਦਿਨ ਬਗੈਰ ਅਪੁਆਇੰਟਮੈਂਟ ਤੋਂ ਆਪਣਾ ਪਾਸਪੋਰਟ ਲੈ ਸਕਦੇ ਹਨ।


Related News