ਪੰਜਾਬੀ ਨੌਜਵਾਨ ਦੀ ਮੌਤ ਦਾ ਮਾਮਲਾ : ਇਟਲੀ ਦੇ ਸਾਬਕਾ PM ਜੁਸੇਪੇ ਕੌਂਟੇ ਨੇ ਕੀਤੀ ਇਨਸਾਫ਼ ਦੀ ਮੰਗ
Friday, Jun 21, 2024 - 11:47 AM (IST)
ਰੋਮ (ਦਲਵੀਰ ਕੈਂਥ)- ਬੇਸ਼ੱਕ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕਿਸੇ ਪ੍ਰਵਾਸੀ ਦੀ ਕੰਮ ਦੌਰਾਨ ਜਾਨ ਚਲੀ ਗਈ ਹੋਵੇ ਪਰ ਇਹ ਪਹਿਲੀ ਵਾਰ ਜ਼ਰੂਰ ਹੋਇਆ ਕਿ ਕੋਈ ਕੰਮ ਵਾਲਾ ਮਾਲਕ ਆਪਣੇ ਕਾਮੇ ਨੂੰ ਲਹੂ-ਲੂਹਾਨ ਹਾਲਤ 'ਚ ਤੜਫ਼-ਤੜਫ਼ ਕੇ ਮਰਨ ਲਈ ਉਸ ਦੇ ਹੀ ਘਰ ਦੇ ਅੱਗੇ ਸੁੱਟ ਆਉਂਦਾ ਹੈ। ਪੀੜਤ ਦਾ ਸਿਰਫ਼ ਇਹ ਕਸੂਰ ਸੀ ਕਿ ਉਹ ਇਟਲੀ 'ਚ ਮਜ਼ਬੂਰ ਅਤੇ ਲਾਚਾਰ ਹੋਣ ਦੇ ਨਾਲ ਬਿਨ੍ਹਾਂ ਪੇਪਰਾਂ ਦੇ ਹੀ ਦਿਹਾੜੀ ਕਰ ਕੇ ਡੰਗ ਟਪਾ ਰਿਹਾ ਸੀ। ਇਸ ਅਤਿ ਮੰਦਭਾਗੀ ਘਟਨਾ ਜਿਸ 'ਚ ਪੀੜਤ ਪੰਜਾਬੀ ਭਾਰਤੀ ਕਾਮਾ ਸਤਨਾਮ ਸਿੰਘ ਕੰਮ ਵਾਲੇ ਮਾਲਕ ਵੱਲੋਂ ਕੀਤੇ ਘਿਨੌਣੇ ਕੰਮ ਕਾਰਨ ਦੁਨੀਆ ਤੋਂ ਚਲਾ ਗਿਆ। ਮਰਹੂਮ ਸਤਨਾਮ ਸਿੰਘ ਦੀ ਮੌਤ ਨਾਲ ਪੂਰੇ ਇਟਲੀ ਦੇ ਇਨਸਾਫ਼ ਪੰਸਦ ਅਤੇ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਅੰਦਰ ਭਾਰੀ ਰੋਹ ਦੇਖਿਆ ਜਾ ਰਿਹਾ ਹੈ। ਜਿਸ 'ਚ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਜੁਸੇਪੇ ਕੌਂਟੇ ਨੇ ਵਾਪਰੀ ਇਸ ਬਹੁਤ ਹੀ ਨਿੰਦਣਯੋਗ ਘਟਨਾ ਉੱਪਰ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।
ਇਹ ਵੀ ਪੜ੍ਹੋ : ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਮਾਲਕ ਦੀ ਬੇਰਹਿਮੀ ਨੇ ਲਈ ਪੰਜਾਬੀ ਨੌਜਵਾਨ ਦੀ ਜਾਨ!
ਜੁਸੇਪੇ ਕੌਂਟੇ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੈਡਮ ਜੌਰਜੀਆ ਮੇਲੋਨੀ ਤੋਂ ਘਟਨਾ 'ਚ ਦਰਦਨਾਕ ਮੌਤ ਮਰੇ ਸਤਨਾਮ ਸਿੰਘ ਲਈ ਇਨਸਾਫ਼ ਦੀ ਮੰਗ ਕੀਤੀ ਹੈ। ਜੁਸੇਪੇ ਕੌਂਟੇ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕੰਮ ਦੌਰਾਨ ਗੰਭੀਰ ਜ਼ਖ਼ਮੀ ਹੋਏ ਕਾਮੇ ਨੂੰ ਜਿਸ ਦੀ ਕਿ ਘਟਨਾ 'ਚ ਬਾਂਹ ਹੀ ਵੱਢੀ ਜਾਂਦੀ ਹੈ ਉਸ ਤੋਂ ਕੰਮ ਕਰਵਾ ਰਿਹਾ ਮਾਲਕ ਹੀ ਮਰਨ ਲਈ ਘਰ ਅੱਗੇ ਕੂੜੇ ਵਾਂਗ ਸੁੱਟ ਆਉਂਦਾ ਹੈ। ਅਜਿਹੇ ਅਨਸਰਾਂ ਨੂੰ ਨੱਥ ਪਾਉਣ ਲਈ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਜ਼ਰੂਰ ਕਾਰਵਾਈ ਕਰੇ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਮੇਲੋਨੀ ਇਸ ਮਾਮਲੇ 'ਚ ਪੂਰਨ ਇਨਸਾਫ਼ ਕਰੇਗੀ। ਇਹ ਘਟਨਾ ਤਾਂ ਸਦੀਆਂ ਪਹਿਲਾਂ ਕਿਸੇ ਗੁਲਾਮ ਦੀ ਕਹਾਣੀ ਵਾਂਗ ਜਾਪਦੀ ਹੈ ਜਿਸ ਨੂੰ ਘਟਦਾ ਦੇਖ ਅਸੀਂ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦੇ। ਜੇਕਰ ਅਸੀਂ ਇਟਲੀ 'ਚ ਮਜ਼ਦੂਰਾਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਨਜ਼ਰ ਅੰਦਾਜ਼ ਕਰਦੇ ਹਾਂ ਤਾਂ ਇਹ ਇਟਲੀ ਦੀ ਵਿਸ਼ਵ ਭਰ 'ਚ ਬਣੀ ਉੱਨਤ ਅਤੇ ਖੁਸ਼ਹਾਲ ਦੇਸ਼ ਦੀ ਸਾਖ਼ ਨੂੰ ਵੱਡੀ ਢਾਹ ਹੈ। ਜ਼ਿਲ੍ਹਾ ਲਾਤੀਨਾ 'ਚ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ 'ਚ ਬਹੁਤ ਸਾਰੇ ਭਾਰਤੀ ਸਿੱਖ ਹਨ ਜਿਹੜੇ ਕਿ ਐਗਰੋ-ਮਾਫ਼ੀਆ ਲਈ ਕੰਮ ਕਰਦੇ ਹਨ। ਜਿਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਮੌਜੂਦਾ ਸਰਕਾਰ ਗੰਭੀਰਤਾ ਨਾਲ ਵਿਚਾਰੇ। ਦੂਜੇ ਪਾਸੇ ਇਟਲੀ ਦੀ ਪ੍ਰਸਿੱਧ ਮਜ਼ਦੂਰ ਜੱਥੇਬੰਦੀ 22 ਜੂਨ ਸ਼ਾਮ ਨੂੰ ਲਾਤੀਨਾ ਸ਼ਹਿਰ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕਰੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8