ਪੋਂਪੀਓ ਦਾ ਰੂਸ ''ਤੇ ਦਬਾਅ- ''MH17 ਦੇ ਦੋਸ਼ੀਆਂ ਸਬੰਧੀ ਹੋਵੇ ਕਾਰਵਾਈ''
Thursday, Jun 20, 2019 - 12:44 PM (IST)

ਵਾਸ਼ਿੰਗਟਨ— ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਕਿਹਾ ਕਿ ਹਰ ਹਾਲ 'ਚ ਇਹ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਮਲੇਸ਼ੀਆ ਏਅਰਲਾਈਨਜ਼ ਦੀ ਫਲਾਈਟ ਨੰਬਰ ਐੱਮ. ਐੱਚ.-17 ਨੂੰ ਸੁੱਟਣ ਦੇ ਸਬੰਧ 'ਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਨਿਆਂ ਦੇ ਦਾਇਰੇ 'ਚ ਲਿਆਂਦਾ ਜਾਵੇ। ਉਨ੍ਹਾਂ 'ਤੇ ਨਿਆਂਇਕ ਕਾਰਵਾਈ ਹੋਵੇ। ਪੋਂਪੀਓ ਨੇ ਇਕ ਬਿਆਨ 'ਚ ਕਿਹਾ,''ਅਸੀਂ ਰੂਸ ਨੂੰ ਅਪੀਲ ਕਰਦੇ ਹਾਂ...ਉਹ ਇਹ ਨਿਸ਼ਚਿਤ ਕਰੇ ਕਿ ਹੁਣ ਰੂਸ 'ਚ ਮੌਜੂਦ ਹਰ ਦੋਸ਼ੀ ਵਿਅਕਤੀ ਕਾਨੂੰਨ ਦਾ ਸਾਹਮਣਾ ਕਰੇਗਾ।''
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਜਹਾਜ਼ ਸੁੱਟਣ ਦੇ ਦੋਸ਼ 'ਚ 3 ਰੂਸੀ ਅਤੇ ਇਕ ਯੁਕਰੇਨ ਦੇ ਸ਼ੱਕੀ ਖਿਲਾਫ ਵਾਰੰਟ ਜਾਰੀ ਕੀਤੇ ਜਾਣ ਦੀ ਖਬਰ ਮਿਲੀ ਸੀ। ਨੀਦਰਲੈਂਡ ਦੀ ਅਗਵਾਈ 'ਚ ਕੌਮਾਂਤਰੀ ਜਾਂਚ ਦੇ ਜਾਂਚ ਅਧਿਕਾਰੀਆਂ ਨੇ ਦੱਸਿਆ ਸੀ ਕਿ ਉਹ ਰੂਸੀ ਨਾਗਰਿਕ ਇਗੋਰ ਗਿਰਕਿਨ, ਸਰਜੈ ਦੁਬਿਨਸਕੀਅ ਅਤੇ ਆਲੇਗ ਪੁਲਾਤਾਵ ਅਤੇ ਯੁਕਰੇਨ ਦੇ ਲਿਓਨਿਦ ਖਰਚੇਨਕੋ 'ਤੇ ਮਲੇਸ਼ੀਆ ਦੀ ਏਅਰਲਾਈਨਜ਼ ਦੇ ਜਹਾਜ਼ ਨੂੰ ਢੇਰ ਕਰਨ ਦੇ ਮਾਮਲੇ 'ਚ ਮੁਕੱਦਮਾ ਚਲਾਉਣਗੇ।
ਤੁਹਾਨੂੰ ਦੱਸ ਦਈਏ ਕਿ ਇਸੇ ਜਾਂਚ ਟੀਮ ਨੇ ਮਈ 2018 'ਚ ਕਿਹਾ ਸੀ ਕਿ ਬੋਇੰਗ 777 ਨੂੰ ਢੇਰ ਕਰਨ ਵਾਲੀ ਬੀਯੂਕੇ ਮਿਜ਼ਾਇਲ ਦਾ ਸਰੋਤ ਦੱਖਣੀ-ਪੱਛਮੀ ਸ਼ਹਿਰ ਕੁਰਸਕ 'ਚ ਸਥਿਤ 53ਵੀਂ ਰੂਸੀ ਫੌਜੀ ਬ੍ਰਿਗੇਡ ਹੈ। ਜ਼ਿਕਰਯੋਗ ਹੈ ਕਿ ਐਮਸਟਰਡਮ ਤੋਂ ਕੁਆਲੰਲਪੁਰ ਜਾ ਰਹੀ ਐੱਮ. ਐੱਚ. 17 ਫਲਾਈਟ ਨੂੰ ਪੂਰਬੀ ਯੁਕਰੇਨ ਦੇ ਉੱਪਰੋਂ ਇਕ ਮਿਜ਼ਾਇਲ ਨਾਲ ਕਥਿਤ ਤੌਰ 'ਤੇ ਢੇਰ ਕਰ ਦਿੱਤਾ ਗਿਆ ਸੀ। ਇਸ 'ਚ 283 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਮੌਤ ਹੋ ਗਈ। ਪੂਰਬੀ ਯੁਕਰੇਨ 'ਤੇ ਰੂਸ ਸਮਰਥਿਤ ਵੱਖਵਾਦੀਆਂ ਦਾ ਕਬਜ਼ਾ ਸੀ।