ਮਾਈਗ੍ਰੇਨ : ਨਵੀਂ ਦਵਾਈ ਨਾਲ ਬਸ 2 ਘੰਟਿਆਂ ’ਚ ਮਿਲੇਗੀ ਨਿਜਾਤ

11/27/2019 10:05:31 AM

ਲੰਡਨ- ਮਾਈਗ੍ਰੇਨ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਇਕ ਨਵੀਂ ਦਵਾਈ ਬਣਾਈ ਗਈ ਹੈ, ਜੋ ਮੌਜੂਦਾ ਦਵਾਈ ਨਾਲੋਂ ਜ਼ਿਆਦਾ ਅਸਰਦਾਰ ਹੈ। ਕਲੀਨਿਕਲ ਟੈਸਟ ’ਚ ਪਾਇਆ ਗਿਆ ਕਿ ਨਵੀਂ ਦਵਾਈ ਨਾਲ ਹਰ 5ਵੇਂ ਮਰੀਜ਼ ਦੇ ਸਿਰ ਦਾ ਦਰਦ ਸਿਰਫ 2 ਘੰਟਿਆਂ ’ਚ ਠੀਕ ਹੋ ਸਕਦਾ ਹੈ। ਇਸ ਦਵਾਈ ਨਾਲ 34 ਫੀਸਦੀ ਮਰੀਜ਼ਾਂ ’ਚ ਰੌਸ਼ਨੀ, ਸ਼ੋਰ ਅਤੇ ਸੰਵੇਦਨਸ਼ੀਲਤਾ ਵਰਗੇ ਲੱਛਣਾਂ ’ਚ ਵੀ ਕਮੀ ਆਈ।

ਮੌਜੂਦਾ ਦਵਾਈਆਂ ਨਾਲ ਹੁੰਦਾ ਹੈ ਇਹ ਅਸਰ :

ਮੌਜੂਦਾ ਦਵਾਈਆਂ ਮਾਈਗ੍ਰੇਨ ਦੇ ਦਰਦ ਨੂੰ ਠੀਕ ਕਰਨ ਲਈ ਖੂਨ ਦੀਆਂ ਨਾੜੀਆਂ ਨੂੰ ਪਤਲਾ ਕਰ ਦਿੰਦੀਆਂ ਹਨ। ਇਸ ਲਈ ਇਨ੍ਹਾਂ ਦਾ ਇਸਤੇਮਾਲ ਸੁਰੱਖਿਅਤ ਨਹੀਂ ਮੰਨਿਆ ਜਾਂਦਾ ਕਿਉਂਕਿ ਇਸ ਨਾਲ ਹਾਰਟ ਅਟੈਕ ਦਾ ਖ਼ਤਰਾ ਰਹਿੰਦਾ ਹੈ। ਉਬਰੋਜ਼ੀਪੈਂਟ ਨਾਮੀ ਇਹ ਦਵਾਈ ਉਨ੍ਹਾਂ ਮਰੀਜ਼ਾਂ ਲਈ ਕਾਰਗਰ ਹੈ ਜਿਨ੍ਹਾਂ ’ਤੇ ਬਾਕੀ ਦਵਾਈਆਂ ਕੰਮ ਨਹੀਂ ਕਰਦੀਆਂ। ਇਹ ਦਵਾਈ ਨਰਵਸ ਸਿਸਟਮ ’ਚ ਮੌਜੂਦ ਉਸ ਪ੍ਰੋਟੀਨ ਨੂੰ ਬਲਾਕ ਕਰ ਦਿੰਦੀ ਹੈ, ਜੋ ਦਰਦ ਨੂੰ ਵਧਾਉਣ ਦਾ ਕੰਮ ਕਰਦਾ ਹੈ।

ਇਹ ਦਵਾਈ ਯੂ. ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਆਗਿਆ ਮਿਲਣ ਦੇ ਇੰਤਜ਼ਾਰ ’ਚ ਹੈ। ਇਸ ਤੋਂ ਬਾਅਦ ਇਸ ਨੂੰ ਯੂਰਪ ਅਤੇ ਏਸ਼ੀਆ ’ਚ ਵੀ ਉਤਾਰਿਆ ਜਾਵੇਗਾ। ਮੋਂਟੇਫਾਇਓਰੇ ਹੈਡੇਕ ਸੈਂਟਰ ਵੱਲੋਂ ਕੀਤੇ ਗਏ ਇਸ ਪ੍ਰੀਖਣ ਨੂੰ ਮੈਡੀਕਲ ਜਨਰਲ ਜਾਮਾ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।

ਪ੍ਰੀਖਣ ਦੌਰਾਨ 1,700 ਮਰੀਜ਼ਾਂ ਨੂੰ ਮੌਜੂਦਾ ਦਵਾਈ ਦਿੱਤੀ ਗਈ ਅਤੇ ਹੋਰ ਲੋਕਾਂ ਨੂੰ 25 ਐੱਮ. ਜੀ. ਉਬਰੋਜ਼ੀਪੈਂਟ ਦਾ ਡੋਜ਼ ਦਿੱਤਾ ਗਿਆ। ਦਵਾਈ ਲੈਣ ਵਾਲਿਆਂ ’ਚ ਹਰ 5ਵੇਂ ਮਰੀਜ਼ ਨੂੰ 2 ਘੰਟਿਆਂ ਬਾਅਦ ਦਰਦ ਤੋਂ ਰਾਹਤ ਮਿਲੀ ਅਤੇ 34 ਫੀਸਦੀ ਮਰੀਜ਼ਾਂ ਨੂੰ ਹੋਰ ਲੱਛਣਾਂ ਤੋਂ ਰਾਹਤ ਮਿਲੀ। ਮਰੀਜ਼ਾਂ ਦੇ ਇਕ ਸਮੂਹ ਨੂੰ 50 ਐੱਮ. ਜੀ. ਦਾ ਡੋਜ਼ ਦਿੱਤਾ ਗਿਆ। ਇਨ੍ਹਾਂ ’ਚੋਂ 21.8 ਫੀਸਦੀ ਮਰੀਜ਼ਾਂ ਨੂੰ ਦੋ ਘੰਟਿਆਂ ਬਾਅਦ ਦਰਦ ਤੋਂ ਮੁਕਤੀ ਮਿਲੀ।

ਉਥੇ ਹੀ 38 ਫੀਸਦੀ ਮਰੀਜ਼ਾਂ ਨੂੰ ਹੋਰ ਲੱਛਣਾਂ ਤੋਂ ਰਾਹਤ ਮਿਲੀ। ਮੌਜੂਦਾ ਦਵਾਈ ਖਾਣ ਵਾਲੇ ਸਮੂਹ ’ਚ ਸਫਲਤਾ ਦਾ ਪੱਧਰ 14 ਅਤੇ 27 ਫੀਸਦੀ ਸੀ। ਕੁਝ ਲੋਕਾਂ ਨੂੰ ਮਾਈਗ੍ਰੇਨ ਦਾ ਅਟੈਕ ਤਣਾਅ ਦੇ ਕਾਰਣ, ਪੀਰੀਅਡ ਦੌਰਾਨ, ਥਕਾਵਟ ਹੋਣ ’ਤੇ ਜਾਂ ਕੁਝ ਖਾਸ ਖਾਣ ਜਾਂ ਪੀਣ ਨਾਲ ਹੁੰਦਾ ਹੈ।

ਖਤਰਨਾਕ ਹੁੰਦਾ ਹੈ ਦਰਦ :

ਬ੍ਰਿਟੇਨ ’ਚ ਲਗਭਗ 85 ਲੱਖ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਪੀਡ਼ਤ ਹਨ। ਉਥੇ ਹੀ, ਅਮਰੀਕਾ ’ਚ 3.8 ਕਰੋਡ਼ ਲੋਕ ਮਾਈਗ੍ਰੇਨ ਨਾਲ ਜੂਝ ਰਹੇ ਹਨ। ਮਾਈਗ੍ਰੇਨ ਦਾ ਦਰਦ ਸਿਰ ਦੇ ਇਕ ਹਿੱਸੇ ’ਚ ਹੁੰਦਾ ਹੈ। ਇਸ ਦੇ ਹੋਰ ਲੱਛਣਾਂ ’ਚ ਉਲਟੀ, ਕੈਅ, ਰੌਸ਼ਨੀ ਵਿਖਾਈ ਦੇਣਾ ਅਤੇ ਰੌਲਾ ਸੁਣਾਈ ਦੇਣਾ ਮੌਜੂਦ ਹਨ।


Related News