ਐੱਮ. ਐੱਚ.17 ਜਹਾਜ਼ ਹਾਦਸਾ : ਪੀੜਤਾਂ ਦੇ ਵਕੀਲ ਨੇ ਕਿਹਾ, ਪੁਤਿਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ

07/12/2017 5:23:27 PM

ਸਿਡਨੀ— ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਲੇਸ਼ੀਆਈ ਏਅਰਲਾਈਨਜ਼ ਜੈੱਟ ਜਹਾਜ਼ ਦੇ ਮਾਰੇ ਗਏ ਲੋਕਾਂ ਲਈ ਮੁਆਫੀ ਮੰਗਣੀ ਚਾਹੀਦੀ ਹੈ। ਇਹ ਗੱਲ ਪੀੜਤਾਂ ਦੇ ਵਕੀਲ ਨੇ ਕਹੀ। ਇਸ ਜਹਾਜ਼ ਨੂੰ ਯੂਕਰੇਨ ਵਿਚ ਰੂਸੀ ਤੋਂ ਲਿਆਂਦੀ ਗਈ ਮਿਜ਼ਾਈਲ ਨਾਲ ਹਮਲਾ ਕਰ ਕੇ 17 ਜੁਲਾਈ 2014 ਨੂੰ ਡਿੱਗਾ ਦਿੱਤਾ ਗਿਆ ਸੀ। ਇਸ ਜਹਾਜ਼ ਹਾਦਸੇ ਵਿਚ ਸਵਾਰ 298 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ 38 ਆਸਟਰੇਲੀਆਈ ਨਾਗਰਿਕ ਅਤੇ ਵਾਸੀ ਸ਼ਾਮਲ ਸਨ। ਪਿਛਲੇ ਸਾਲ ਇਸ ਹਾਦਸੇ ਦੀ ਜਾਂਚ ਰਿਪੋਰਟ ਜਾਰੀ ਕੀਤੀ ਗਈ ਸੀ। ਇਸ ਵਿਚ ਕਿਹਾ ਗਿਆ ਸੀ ਕਿ ਬੋਇੰਗ-777 ਜਹਾਜ਼ ਨੂੰ ਰੂਸ ਤੋਂ ਲਿਆਂਦੀ ਗਈ ਮਿਜ਼ਾਈਲ ਨਾਲ ਮਾਰ ਡਿਗਾਇਆ ਗਿਆ ਸੀ। ਹਾਲਾਂਕਿ ਰੂਸ ਲਗਾਤਾਰ ਇਸ ਹਾਦਸੇ ਵਿਚ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰਦਾ ਰਿਹਾ ਹੈ ਅਤੇ ਇਸ ਦਾ ਦੋਸ਼ ਯੂਕਰੇਨ 'ਤੇ ਲਾਉਂਦਾ ਰਿਹਾ ਹੈ।

PunjabKesari
ਇਸ ਜਹਾਜ਼ ਹਾਦਸੇ ਵਿਚ ਆਸਟਰੇਲੀਆ, ਮਲੇਸ਼ੀਆ, ਨਿਊਜ਼ੀਲੈਂਡ ਅਤੇ ਨੀਦਰਲੈਂਡ ਦੇ ਪੀੜਤਾਂ ਦੇ ਅਮਰੀਕੀ ਵਕੀਲ ਜੇਰੋਮ ਸਕਿਨਰ ਨੇ ਬੁੱਧਵਾਰ ਨੂੰ ਸਿਡਨੀ ਦੀ ਇਕ ਅਖਬਾਰ ਵਿਚ ਲਿਖਿਆ, ''ਸ਼੍ਰੀਮਾਨ ਪੁਤਿਨ, ਮੇਰੇ ਮੁਵਕਿੱਲ ਪਿਛਲੇ 3 ਸਾਲਾਂ ਤੋਂ ਉਡੀਕ ਰਹੇ ਹਨ ਪਰ ਅਜੇ ਵੀ ਇਸ ਦੀ ਕੋਈ ਜਵਾਬਦੇਹੀ ਨਹੀਂ ਹੈ।'' ਉਨ੍ਹਾਂ ਨੇ ਪੁਤਿਨ ਨੂੰ ਸਵਾਲ ਕੀਤਾ ਹੈ, ''ਕੀ ਤੁਹਾਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੇ ਹਮਲੇ ਜਿਸ 'ਚ ਕਈ ਬੇਕਸੂਰ ਲੋਕ ਮਾਰੇ ਗਏ ਹੋਣ, ਉਸ ਉੱਤੇ ਸਪੱਸ਼ਟੀਕਰਨ ਦੀ ਲੋੜ ਹੈ?'' ਉਨ੍ਹਾਂ ਨੇ ਲਿਖਿਆ, ''ਰੂਸ ਨੂੰ ਜਵਾਬਦੇਹ ਠਹਿਰਾਉਣ ਲਈ ਮੈਂ ਯੂਰਪੀ ਮਨੁੱਖੀ ਅਧਿਕਾਰ ਅਦਾਲਤ ਅਤੇ ਸਾਰੇ ਹੋਰ ਉਪਲੱਬਧ ਮੰਚਾਂ 'ਤੇ ਜਾਵਾਂਗਾ। ਤੁਸੀਂ ਮੈਨੂੰ ਮਿਲੋ ਅਤੇ ਹਾਦਸਾ ਪੀੜਤਾਂ ਤੋਂ ਮੁਆਫੀ ਮੰਗੋ।''


Related News