ਮੈਕਸੀਕੋ-ਅਮਰੀਕਾ ਸਰਹੱਦ ਨੇੜੇ ਮਿਲੀਆਂ 19 ਸੜੀਆਂ ਹੋਈਆਂ ਲਾਸ਼ਾਂ
Tuesday, Jan 26, 2021 - 01:58 PM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਅਤੇ ਮੈਕਸੀਕੋ ਦੇ ਸਰਹੱਦ ਨੇੜੇ ਮੈਕਸੀਕਨ ਅਧਿਕਾਰੀਆਂ ਨੂੰ 19 ਅੱਗ ਨਾਲ ਸੜੀਆਂ ਹੋਈਆਂ ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਮਾਮਲੇ ਸੰਬੰਧੀ ਮੈਕਸੀਕਨ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੂੰ ਟੈਕਸਾਸ 'ਚ ਰੀਓ ਗ੍ਰਾਂਡੇ ਦੇ ਇੱਕ ਕਸਬੇ ਦੇ ਨੇੜਲੇ ਖੇਤਰ ਵਿੱਚ 19 ਗੋਲੀਆਂ ਲੱਗੀਆਂ ਅਤੇ ਅੱਗ ਨਾਲ ਸੜੀਆਂ ਲਾਸ਼ਾਂ ਮਿਲੀਆਂ ਹਨ।
ਮੈਕਸੀਕੋ ਦੇ ਤਮੌਲੀਪਾਸ ਰਾਜ ਦੇ ਸਰਕਾਰੀ ਵਕੀਲ ਦੇ ਦਫਤਰ ਨੇ ਸ਼ਨੀਵਾਰ ਦੇਰ ਰਾਤ ਦੱਸਿਆ ਕਿ ਇਹ ਲਾਸ਼ਾਂ ਸ਼ੁੱਕਰਵਾਰ ਨੂੰ ਕੁਝ ਵਸਨੀਕਾਂ ਦੁਆਰਾ ਇੱਕ ਅੱਗ ਨਾਲ ਸੜ ਰਹੇ ਵਾਹਨ ਦੀ ਸੂਚਨਾ ਦੇਣ ਦੇ ਬਾਅਦ ਕੈਮਰਗੋ ਦੇ ਬਾਹਰ ਸੜਕ ਦੇ ਨਾਲ ਲੱਭੀਆਂ ਗਈਆਂ।ਇਸ ਦੌਰਾਨ ਅਧਿਕਾਰੀਆਂ ਨੂੰ ਦੋ ਅੱਗ ਲੱਗੇ ਹੋਏ ਵਾਹਨ ਮਿਲੇ, ਜਿਨ੍ਹਾਂ ਵਿੱਚੋਂ ਇੱਕ ਵਿੱਚ 4 ਤੇ ਦੂਜੇ ਵਾਹਨ ਵਿੱਚ 15 ਲਾਸ਼ਾਂ ਸਨ। ਇਹਨਾਂ ਲਾਸ਼ਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ ਪਰ ਘਟਨਾ ਸਥਲ 'ਤੇ ਗੋਲੀਆਂ ਨਾਲ ਸੰਬੰਧਿਤ ਕੋਈ ਸਬੂਤ ਨਾ ਹੋਣ ਕਾਰਨ ਜਾਂਚਕਰਤਾ ਇਹ ਵਿਸ਼ਵਾਸ ਕਰ ਰਹੇ ਹਨ ਕਿ ਇਹਨਾਂ ਸੜਨ ਵਾਲੇ ਲੋਕਾਂ ਨੂੰ ਪਹਿਲਾਂ ਕਿਤੇ ਹੋਰ ਮਾਰਿਆ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੇ ਪਾਕਿ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਦੀ ਯਾਤਰਾ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ
ਇਹਨਾਂ ਲਾਸ਼ਾਂ ਦੀ ਪਛਾਣ ਫਿਲਹਾਲ ਅਜੇ ਅਸਪੱਸ਼ਟ ਹੈ ਪਰ ਐਤਵਾਰ ਨੂੰ ਇੱਕ ਅਫਵਾਹ ਫੈਲ ਗਈ ਸੀ ਕਿ ਮਰੇ ਹੋਏ ਲੋਕਾਂ ਵਿੱਚ ਗੁਆਟੇਮਾਲਾ ਦੇ ਪ੍ਰਵਾਸੀ ਵੀ ਸ਼ਾਮਿਲ ਸਨ। ਜ਼ਿਕਰਯੋਗ ਹੈ ਕਿ ਕੈਮਰਗੋ ਨਸ਼ਿਆਂ ਅਤੇ ਪ੍ਰਵਾਸੀਆਂ ਲਈ ਇੱਕ ਪ੍ਰਮੁੱਖ ਸਮਗਲਿੰਗ ਟ੍ਰਾਂਜ਼ਿਟ ਪੁਆਇੰਟ ਹੈ। ਮੈਕਸੀਕੋ ਦੇ ਸੰਗਠਿਤ ਅਪਰਾਧਿਕ ਸਮੂਹ ਜ਼ਿਆਦਾ ਪੈਸੇ ਕਮਾਉਣ ਲਈ ਸਰਹੱਦ ਦੇ ਕਿਨਾਰਿਆਂ ਦਾ ਨਿਯੰਤਰਣ ਚਾਹੁੰਦੇ ਹਨ, ਜਿਸ ਲਈ ਇੱਥੇ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।