ਮੈਕਸੀਕੋ ''ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 10 ਹੋਈ
Thursday, Jun 25, 2020 - 12:35 PM (IST)
ਮੈਕਸੀਕੋ ਸਿਟੀ- ਮੈਕਸੀਕੇ ਵਿਚ ਬੀਤੇ ਦਿਨੀਂ ਆਏ ਭੂਚਾਲ ਮਗਰੋਂ ਮਲਬੇ ਵਿਚੋਂ 3 ਹੋਰ ਲਾਸ਼ਾਂ ਬਰਾਮਦ ਹੋਈਆਂ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ 10 ਹੋ ਗਈ ਹੈ। ਵੀਰਵਾਰ ਨੂੰ ਸਥਾਨਕ ਮੀਡੀਆ ਨੇ ਇਹ ਖਬਰ ਸਾਂਝੀ ਕੀਤੀ। ਮੈਕਸੀਕੋ ਦੇ ਓਕਸਾਕਾ ਸੂਬੇ ਵਿਚ ਭੂਚਾਲ ਦੇ ਬਾਅਦ ਬਚਾਅ ਮੁਹਿੰਮ ਵਿਚ ਸ਼ਾਮਲ ਫੌਜ ਦੀ ਟੁਕੜੀ ਨੇ ਮਲਬੇ ਵਿਚੋਂ ਇਹ ਲਾਸ਼ਾਂ ਬਰਾਮਦ ਕੀਤੀਆਂ।
ਇਸ ਤੋਂ ਪਹਿਲਾਂ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਮੰਗਲਵਾਰ ਨੂੰ ਆਏ ਭੂਚਾਲ ਵਿਚ ਘੱਟ ਤੋਂ ਘੱਟ 7 ਲੋਕਾਂ ਦੀ ਮੌਤ ਹੋਈ ਹੈ। ਹੁਣ ਇਹ ਗਿਣਤੀ ਵਧ ਕੇ 10 ਹੋ ਗਈ ਹੈ। ਫੌਜ ਦੀ ਟੁਕੜੀ ਨੇ ਸੂਬੇ ਦੇ ਓਜੋਲੋਟੇਪੇਕ ਸ਼ਹਿਰ ਵਿਚ ਮਲਬੇ ਵਿਚੋਂ ਦੋ ਲੋਕਾਂ ਅਤੇ ਸੋਲਾ ਡੇ ਵੇਗਾ ਸ਼ਹਿਰ ਵਿਚ ਇਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕਾਂ ਵਿਚ ਇਕ 15 ਸਾਲਾ ਲੜਕਾ ਵੀ ਹੈ।