ਮੈਕਸੀਕੋ ਨੇ ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਦਿੱਤੀ ਸ਼ਰਨ

Tuesday, Nov 12, 2019 - 11:28 AM (IST)

ਮੈਕਸੀਕੋ ਨੇ ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਨੂੰ ਦਿੱਤੀ ਸ਼ਰਨ

ਮੈਕਸੀਕੋ ਸਿਟੀ (ਭਾਸ਼ਾ): ਮੈਕਸੀਕੋ ਨੇ ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਇਵੋ ਮੋਰਾਲੇਸ ਨੂੰ ਦੇਸ਼ ਵਿਚ ਸ਼ਰਨ ਦਿੱਤੀ ਹੈ। ਮੋਰਾਲੇਸ ਨੇ ਚੋਣ ਨਤੀਜਿਆਂ ਵਿਚ ਗੜਬੜੀ ਦੇ ਦੋਸ਼ਾਂ ਦੇ ਬਾਅਦ ਫੌਜ ਅਤੇ ਜਨਤਾ ਦੇ ਵੱਧਦੇ ਦਬਾਅ ਹੇਠ ਐਤਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਮੈਕਸੀਕੋ ਦੇ ਵਿਦੇਸ਼ ਮੰਤਰੀ ਮਾਰਸੇਲੋ ਐਬਰਾਡ ਨੇ ਸੋਮਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਕੁਝ ਮਿੰਟ ਪਹਿਲਾਂ ਹੀ ਮੈਨੂੰ ਸਾਬਕਾ ਰਾਸ਼ਟਰਪਤੀ ਇਵੋ ਮੋਰਾਲੇਸ ਦਾ ਫੋਨ ਆਇਆ ਸੀ, ਜਿਸ ਵਿਚ ਉਨ੍ਹਾਂ ਨੇ ਸਾਡੇ ਪ੍ਰਸਤਾਵ ਦਾ ਜਵਾਬ ਦਿੱਤਾ ਅਤੇ ਮੌਖਿਕ ਤੇ ਰਸਮੀ ਰੂਪ ਨਾਲ ਦੇਸ਼ ਵਿਚ ਸਿਆਸੀ ਸ਼ਰਨ ਦੇਣ ਦੀ ਅਪੀਲ ਕੀਤੀ।'' 

ਉਨ੍ਹਾਂ ਨੇ ਕਿਹਾ,''ਮੈਕਸੀਕੋ ਦੇ ਵਿਦੇਸ਼ ਮੰਤਰਾਲੇ ਨੇ ਗ੍ਰਹਿ ਮੰਤਰੀ ਓਲਗਾ ਸਾਂਚੇਜ਼ ਕਾਰਡੇਰੋ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਮਨੁੱਖੀ ਆਧਾਰ 'ਤੇ ਉਨ੍ਹਾਂ ਨੂੰ ਸ਼ਰਨ ਦੇਣ ਦਾ ਫੈਸਲਾ ਲਿਆ। ਬੋਲੀਵੀਆ ਵਿਚ ਮੋਰਾਲੇਸ ਦੀ ਜਾਨ ਨੂੰ ਖਤਰਾ ਹੈ।'' ਭਾਵੇਂਕਿ ਉਨ੍ਹਾਂ ਨੇ ਇਸ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਕਿ ਮੋਰਾਲੇਸ ਕਦੋਂ ਮੈਕਸੀਕੋ ਪਹੁੰਚਣਗੇ। ਉੱਥੇ ਪੇਰੂ ਦੇ ਮਿਲਟਰੀ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਬੋਲੀਵੀਆ ਤੋਂ ਮੋਰਾਲੇਸ ਨੂੰ ਲਿਆਉਣ ਲਈ ਮੈਕਸੀਕੋ ਹਵਾਈ ਫੌਜ ਦਾ ਜਹਾਜ਼ ਪੇਰੂ ਦੀ ਰਾਜਧਾਨੀ ਲੀਮਾ ਪਹੁੰਚ ਗਿਆ ਹੈ। ਸੂਤਰਾਂ ਨੇ ਦੱਸਿਆ,''ਸਾਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਸਾਬਕਾ ਰਾਸ਼ਟਰਪਤੀ ਨੂੰ ਲੈ ਕੇ ਜਹਾਜ਼ ਕਦੋਂ ਉਡਾਣ ਭਰੇਗਾ।''

ਗੌਰਤਲਬ ਹੈ ਕਿ ਮੋਰਾਲੇਸ ਬੋਲੀਵੀਆ ਦੀ ਮੂਲ ਨਿਵਾਸੀ ਆਬਾਦੀ ਦੇ ਰਾਸ਼ਟਰਪਤੀ ਬਣਨ ਵਾਲੇ ਪਹਿਲੇ ਮੈਂਬਰ ਸਨ ਅਤੇ ਉਹ 13 ਸਾਲ 9 ਮਹੀਨੇ ਤੱਕ ਸੱਤਾ ਵਿਚ ਰਹੇ, ਜੋ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਕਾਰਜਕਾਲ ਹੈ। ਭਾਵੇਂਕਿ ਪਿਛਲੇ ਮਹੀਨੇ ਚੌਥੀ ਵਾਰ ਚੋਣਾਂ ਜਿੱਤਣ ਦੇ ਉਨ੍ਹਾਂ ਦੇ ਦਾਅਵੇ ਨੇ ਦੇਸ਼ ਵਿਚ ਅਸ਼ਾਂਤੀ ਪੈਦਾ ਕਰ ਦਿੱਤੀ। ਉਨ੍ਹਾਂ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਹੋਈਆਂ ਝੜਪਾਂ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ।


author

Vandana

Content Editor

Related News