ਮੈਡੀਕਲ ਅਧਿਕਾਰੀਆਂ ਲਈ ਸਨਮਾਨ ਦੀ ਅਪੀਲ ਕਰਨ ਵਾਲੀ ਮੈਕਸੀਕੋ ਦੀ ਨਰਸ ਕੋਰੋਨਾ ਪਾਜ਼ੀਟਿਵ

05/13/2020 2:52:18 PM

ਮੈਕਸੀਕੋ ਸਿਟੀ- ਮੈਕਸੀਕੋ ਵਿਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਵਾਲੀਆਂ ਨਰਸਾਂ 'ਤੇ ਹੋਏ ਹਮਲੇ ਮਗਰੋਂ ਭਿੱਜੀਆਂ ਅੱਖਾਂ ਨਾਲ ਉਨ੍ਹਾਂ ਦਾ ਸਨਮਾਨ ਕਰਨ ਦੀ ਅਪੀਲ ਕਰਨ ਵਾਲੀ ਨਰਸ ਸੁਪਰਵਾਇਜ਼ਰ ਫਾਬਿਆਨਾ ਜੇਪੇਦਾ ਮੰਗਲਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। 

ਜੇਪੇਦਾ ਮੈਕਸੀਕਨ ਸੋਸ਼ਲ ਸਕਿਓਰਿਟੀ ਇੰਸਟੀਚਿਊਟ ਵਿਚ ਨਰਸਿੰਗ ਦੀ ਹੈੱਡ ਹੈ। ਉਹ ਕੋਵਿਡ-19 ਕਾਰਨ ਆਈਸੋਲੇਟ ਕੀਤੀ ਗਈ ਹੈ। ਅਪ੍ਰੈਲ ਦੇ ਅੰਤ ਵਿਚ ਜੇਪੇਦਾ ਨੇ ਸਰਕਾਰ ਦੇ ਨਿਯਮਤ ਪੱਤਰਕਾਰ ਸੰਮੇਲਨ ਨੂੰ ਸੰਬੋਧਤ ਕੀਤਾ ਸੀ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਉਨ੍ਹਾਂ ਦੀਆਂ ਸਾਥੀ ਨਰਸਾਂ ਨੂੰ 21 ਵਾਰ ਹਮਲਿਆਂ ਤੇ ਦੁਰ ਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ ਕਿਉਂਕਿ ਲੋਕਾਂ ਨੂੰ ਡਰ ਹੈ ਕਿ ਨਰਸਾਂ ਵਾਇਰਸ ਫੈਲਾ ਸਕਦੀਆਂ ਹਨ। ਪੱਤਰਕਾਰ ਸੰਮੇਲਨ ਵਿਚ ਜੇਪੇਦਾ ਰੋ ਪਈ ਸੀ। ਉਨ੍ਹਾਂ ਕਿਹਾ ਕਿ ਨਰਸਾਂ ਨੂੰ ਆਪਣੀ ਵਰਦੀ ਪਾ ਕੇ ਸੜਕਾਂ 'ਤੇ ਨਿਕਲਣ ਦੀ ਮਨਾਹੀ ਹੈ ਕਿਉਂਕਿ ਉਨ੍ਹਾਂ ਉੱਪਰ ਹਮਲੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਮਲਿਆਂ ਨੇ ਸਾਡੇ ਪੇਸ਼ੇ ਨੂੰ ਬੇਹੱਦ ਪ੍ਰਭਾਵਿਤ ਕੀਤਾ ਹੈ।

ਸੰਸਥਾ ਨੇ ਉਸ ਦੇ ਜਲਦੀ ਠੀਕ ਹੋ ਕੇ ਵਾਪਸ ਕੰਮ ਉੱਤੇ ਆਉਣ ਦੀ ਪ੍ਰਾਰਥਨਾ ਕੀਤੀ ਹੈ। ਮੈਕਸੀਕੋ ਵਿਚ ਵਾਇਰਸ ਕਾਰਨ 38,324 ਲੋਕ ਇਨਫੈਕਟਡ ਹਨ ਅਤੇ ਹੁਣ ਤੱਕ 3,926 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 111 ਮੈਡੀਕਲ ਅਧਿਕਾਰੀਆਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ, 6,747 ਸਿਹਤ ਕਰਮਚਾਰੀਆਂ ਦੇ ਇਨਫੈਕਟਡ ਹੋਣ ਦਾ ਸ਼ੱਕ ਹੈ। 


Lalita Mam

Content Editor

Related News