ਕੋਰੋਨਾ ਮਹਾਮਾਰੀ ਤੋਂ ਬਾਅਦ ਮੈਲਬੋਰਨ ’ਚ ਮੁੜ ਲੱਗੀਆਂ ਰੌਣਕਾਂ

Wednesday, May 19, 2021 - 02:31 PM (IST)

ਮੈਲਬੋਰਨ (ਮਨਦੀਪ ਸਿੰਘ ਸੈਣੀ)-ਬੀਤੇ ਐਤਵਾਰ ਪੱਛਮੀ ਮੈਲਬੋਰਨ ਦੇ ਇਲਾਕੇ ਮੈਲਟਨ ’ਚ ਪੰਜਾਬੀ ਮੇਲਾ ਕਰਵਾਇਆ ਗਿਆ, ਜਿਸ ’ਚ ਵੱਡੀ ਗਿਣਤੀ ’ਚ ਦਰਸ਼ਕਾਂ ਨੇ ਹਾਜ਼ਰੀ ਭਰੀ। ਇਸ ਮੌਕੇ ਚਾਟੀ ਦੌੜ, ਕੁਰਸੀ ਦੌੜ, ਰੱਸਾਕਸ਼ੀ ,ਬਜ਼ੁਰਗਾਂ ਦੀਆਂ ਦੌੜਾਂ ਅਤੇ ਹੋਰ ਦਿਲਚਸਪ ਗਤੀਵਿਧੀਆਂ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ। ਪੰਜਾਬੀ ਮਾਂ ਖੇਡ ਕਬੱਡੀ ਦਾ ਸ਼ੋਅ ਮੈਚ ਮਾਲਵਾ ਕਲੱਬ ਅਤੇ ਦੁਆਬਾ ਕਲੱਬ ਵਿਚਕਾਰ ਖੇਡਿਆ ਗਿਆ, ਜਿਸ ’ਚ ਮਾਲਵਾ ਕਲੱਬ ਨੇ ਬਾਜ਼ੀ ਮਾਰੀ। ਜੱਗਾ ਕੋਟਾ ਨੂੰ ਸਰਵੋਤਮ ਰੇਡਰ ਅਤੇ ਅਤੇ ਅੰਬੂ ਘੱਲਕਲਾਂ ਨੂੰ ਸਰਵੋਤਮ ਜਾਫੀ ਵਜੋਂ ਚੁਣਿਆ ਗਿਆ। ਪੁਰਾਤਨ ਪੰਜਾਬ ਨੂੰ ਰੂਪਮਾਨ ਕਰਦੀ ਪੇਂਡੂ ਸੱਥ ’ਚ ਟਰੈਕਟਰ, ਟਰਾਲੀ, ਮੰਜੇ, ਸਪੀਕਰ, ਕਬੂਤਰ ਤੇ ਹੋਰ ਸੱਭਿਆਚਾਰਕ ਵੰਨਗੀਆਂ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸਨ।

PunjabKesari

ਗੁਆਂਢੀ ਦੇਸ਼ ਨਿਊਜ਼ੀਲੈਂਡ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਪੰਜਾਬੀ ਗਾਇਕ ਹਰਦੇਵ ਮਾਹੀਨੰਗਲ ਨੇ ਇਸ ਮੇਲੇ ’ਚ ਹਾਜ਼ਰੀ ਭਰੀ। ਮਾਹੀਨੰਗਲ ਨੇ ਆਪਣੇ ਨਵੇਂ-ਪੁਰਾਣੇ ਹਿੱਟ ਗੀਤ ਗਾ ਕੇ ਮੇਲਾ ਲੁੱਟ ਲਿਆ। ਪੰਜਾਬੀ ਕਲਾਕਾਰ ਜੀਤ ਪੈਂਚਰਾਂ ਵਾਲੇ ਦੀ ਕਾਰਗੁਜ਼ਾਰੀ ਵੀ ਸ਼ਲਾਘਾਯੋਗ ਰਹੀ। ਇਸ ਮੌਕੇ ਮੇਲਾ ਪ੍ਰਬੰਧਕ ਰਾਜਾ ਬੁੱਟਰ, ਗਿੱਲ ਈਲਵਾਲੀਆ, ਜਸਕਰਨ ਸਿੱਧੂ, ਬਲਕਾਰ ਗਲਵ ਅਤੇ ਦਿਲਜੀਤ ਪੰਜਾਬ ਗਰਿੱਲ ਨੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡਾ ਮਕਸਦ ਲਾਕਡਾਊਨ ਕਾਰਨ ਉਦਾਸ ਰਹੇ ਲੋਕਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆਉਣਾ ਸੀ ਤੇ ਇਸ ਮੇਲੇ ਦੌਰਾਨ ਲੋਕਾਂ ਦੇ ਭਾਰੀ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਕਿ ਮੇਲੇ ਅਤੇ ਭਾਈਚਾਰਕ ਨੇੜਤਾ ਪੰਜਾਬੀਆਂ ਦੇ ਸੁਭਾਅ ਲਈ ਖਾਸ ਮਹੱਤਵ ਰੱਖਦੀ ਹੈ।


Manoj

Content Editor

Related News