ਮੈਲਬੌਰਨ ''ਚ ਭਾਰਤੀ ਭਾਈਚਾਰੇ ਵਲੋਂ ਮਨਾਇਆ ਗਿਆ ਦੁਸਹਿਰਾ

10/26/2020 3:53:08 PM

ਮੈਲਬੌਰਨ, (ਮਨਦੀਪ ਸਿੰਘ ਸੈਣੀ)- ਬੀਤੇ ਐਤਵਾਰ ਨੂੰ ਮੈਲਬੌਰਨ ਦੇ ਸ੍ਰੀ ਦੁਰਗਾ ਮੰਦਰ ਰੌਕ ਬੈਂਕ ਵਲੋਂ ਬਦੀ 'ਤੇ ਨੇਕੀ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬਹੁਤ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ । ਕੋਰੋਨਾ ਮਹਾਮਾਰੀ ਕਰਕੇ ਲਾਗੂ ਪਾਬੰਦੀਆਂ ਅਤੇ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਦੇ ਹੋਏ ਇਸ ਵਾਰ ਦੁਸਹਿਰਾ ਵਰਚੁਅਲ ਤਰੀਕੇ ਨਾਲ ਮਨਾਇਆ ਗਿਆ। ਇਸ ਮੌਕੇ ਆਸਟ੍ਰੇਲੀਆ ਦੇ ਭਜਨ ਗਾਇਕ ਦੇਵ ਚੰਚਲ ਨੇ ਭਜਨਾਂ ਰਾਹੀਂ ਹਾਜ਼ਰੀ ਭਰੀ। 

ਉਪਰੰਤ ਮੰਦਰ ਕਮੇਟੀ ਵਲੋਂ ਦੁਸਹਿਰਾ ਪਰੰਪਰਾ ਦਾ ਪਾਲਣ ਕਰਦਿਆਂ ਮੰਦਰ ਦੀ ਹਦੂਦ ਅੰਦਰ ਹੀ ਰਾਮਲੀਲਾ ਦੀਆਂ ਝਾਕੀਆਂ ਕੱਢੀਆਂ ਗਈਆਂ ਅਤੇ ਸ਼ਾਮ ਨੂੰ ਰਾਵਣ ਦੇ ਪੁਤਲੇ ਨੂੰ ਅਗਨ ਭੇਂਟ ਕੀਤਾ ਗਿਆ।
 ਇਸ ਸਾਰੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਨ ਮੰਦਰ ਕਮੇਟੀ ਦੇ ਫੇਸਬੁੱਕ ਪੇਜ਼ ਤੋਂ ਕੀਤਾ ਗਿਆ ਸੀ ਜਿਸ ਨੂੰ ਕਿ ਦੁਨੀਆ ਭਰ ਵਿਚ ਸ਼ਰਧਾਲੂਆਂ ਵੱਲੋਂ ਪੂਰੀ ਸ਼ਰਧਾ ਨਾਲ ਦੇਖਿਆ ਗਿਆ।
 

ਆਸਟਰੇਲੀਆ ਦੀਆਂ ਮੁੱਖ ਰਾਜਨੀਤਕ ਪਾਰਟੀਆਂ ਦੇ ਨੁੰਮਾਇੰਦਿਆਂ ਅਤੇ ਭਾਰਤੀ ਕੌਸਲੇਟ ਜਰਨਲ ਵਲੋਂ ਮੰਦਿਰ ਕਮੇਟੀ ਨੂੰ ਇਸ ਤਿਉਹਾਰ ਮੌਕੇ ਸ਼ੁੱਭ ਕਾਮਨਾਵਾਂ ਸੁਨੇਹਿਆਂ ਦੇ ਰੂਪ ਵਿੱਚ ਭੇਂਟ ਕੀਤੀਆਂ।
 ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਕੁਲਵੰਤ ਜੋਸ਼ੀ, ਉੱਪ ਪ੍ਰਧਾਨ ਗੁਰਪ੍ਰੀਤ ਵਰਮਾ,ਪੰਡਿਤ ਰਾਜਕੁਮਾਰ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਵਿੱਚ ਵਰਾਂਡੇ ਅਤੇ ਮੁੱਖ ਦੁਆਰ ਦਾ ਕੰਮ ਚੱਲ ਰਿਹਾ ਹੈ ਤੇ ਸ਼ਰਧਾਲੂ ਆਪਣੀ ਵਿੱਤ ਅਨੁਸਾਰ ਇਸ ਸੇਵਾ ਵਿੱਚ ਯੋਗਦਾਨ ਪਾ ਸਕਦੇ ਹਨ। ਕੋਰੋਨਾ ਪਾਬੰਦੀਆਂ ਹੋਣ ਦੇ ਬਾਵਜੂਦ ਮੰਦਰ ਕਮੇਟੀ ਦੇ ਇਸ ਉਪਰਾਲੇ ਦੀ ਸੰਗਤਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
 


Lalita Mam

Content Editor

Related News