ਮੈਲਬੌਰਨ 'ਚ ਲੱਗੀਆਂ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਰੌਣਕਾਂ, ਵੀਡੀਓ

Saturday, Nov 09, 2019 - 05:09 PM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ): ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸ਼ਨੀਵਾਰ ਨੂੰ ਮੈਲਬੌਰਨ ਸ਼ਹਿਰ ਵਿੱਚ ਸਜਾਏ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਪੰਜਾਂ ਪਿਆਰਿਆਂ ਨੇ ਕੀਤੀ।ਵਿਕਟੋਰੀਅਨ ਸਿੱਖ ਗੁਰੂਦੁਆਰਾ ਕੌਂਸਲ, ਸਮੂਹ ਗੁਰੂ ਘਰਾਂ, ਸਿੱਖ ਜਥੇਬੰਦੀਆਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਈਸਟ ਮੈਲਬੌਰਨ ਤੋਂ ਕੀਤੀ ਗਈ । ਵੱਖ-ਵੱਖ ਸੜਕਾਂ ਤੋਂ ਗੁਜ਼ਰਦਾ ਹੋਇਆ ਨਗਰ ਕੀਰਤਨ ਟਰੈਜ਼ਰੀ ਗਾਰਡਨ ਵਿਖੇ ਪੁੱਜਾ, ਜਿੱਥੇ ਰਾਗੀ ਜਥਿਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਨਾਲ ਨਿਹਾਲ ਕੀਤਾ।

ਖਾਲਸਾਈ ਜਾਹੋ ਜਲਾਲ ਨੂੰ ਰੂਪਮਾਨ ਕਰਦੀਆਂ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਗਤਕੇ ਦੇ ਜੌਹਰ ਵੀ ਵਿਖਾਏ ਗਏ।ਨਗਰ ਕੀਰਤਨ ਦੌਰਾਨ ਪੂਰਾ ਸ਼ਹਿਰ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰਿਆਂ ਨਾਲ ਗੂੰਜ ਉੱਠਿਆ ਅਤੇ ਸਿੱਖ ਸੰਗਤਾਂ ਵੱਲੋਂ ਸ਼ਬਦ ਗਾਇਨ ਕਰ ਕੇ ਹਾਜ਼ਰੀ ਗੁਰੂ ਚਰਨਾਂ ਵਿੱਚ ਲਗਵਾਈ ਗਈ।ਇਸ ਮੌਕੇ ਮਲੇਸ਼ੀਆ ਤੋਂ ਸ੍ਰੀ ਦਸ਼ਮੇਸ਼ ਪਾਈਪ ਬੈਂਡ ਉਚੇਚੇ ਤੌਰ 'ਤੇ ਸ਼ਾਮਲ ਹੋਏ।

PunjabKesari

ਇਸ ਸਮਾਗਮ ਵਿੱਚ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰੀਓ ਦਸਤਾਰ ਸਜਾ ਕੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਕਿਹਾ,''ਸਾਨੂੰ ਗੁਰੂ ਸਾਹਿਬ ਦੇ ਫਲਸਫੇ ਅਤੇ ਵਿਚਾਰਧਾਰਾ ਨੂੰ ਅਪਨਾਉਣ ਦੀ ਲੋੜ ਹੈ।'' ਪ੍ਰੀਮੀਅਰ ਨੇ ਸਿੱਖ ਭਾਈਚਾਰੇ ਵੱਲੋਂ ਅੰਗ ਦਾਨ, ਰੁੱਖ ਲਗਾਓ ਮੁਹਿੰਮ, ਖੂਨ ਦਾਨ ਵਿੱਚ ਪਾਏ ਜਾ ਰਹੇ ਯੋਗਦਾਨ ਅਤੇ ਲੋੜਵੰਦਾਂ ਲਈ ਲਗਾਏ ਜਾਂਦੇ ਲੰਗਰ ਦੀ ਵੀ ਸ਼ਲਾਘਾ ਕੀਤੀ।ਉਹਨਾਂ ਨੇ ਅੱਜ ਦੇ ਦਿਨ ਨੂੰ ਵਿਸ਼ੇਸ਼ ਦੱਸਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

ਇਸ ਮੌਕੇ ਸਾਂਸਦ ਨੀਲ ਐਂਗਸ, ਸਾਂਸਦ ਮਾਰੀਆ ਵੈਮਵਾਕਿਨੂ, ਸੈਨੇਟਰ ਡੇਵਿਡ ਵੈਨ ਤੋਂ ਇਲਾਵਾ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਹਾਜ਼ਰ ਹੋਏ ਅਤੇ ਉਹਨਾਂ ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਮੁਬਾਰਕਾਂ ਭੇਂਟ ਕੀਤੀਆਂ।ਹਾਜ਼ਰ ਆਸਟ੍ਰੇਲੀਆਈ ਨੇਤਾਵਾਂ ਨੇ ਪੀਲੀਆਂ ਦਸਤਾਰਾਂ ਅਤੇ ਪਟਕੇ ਸਜਾਏ ਹੋਏ ਸਨ।ਇਸ ਮੌਕੇ ਵਿਕਟੋਰੀਅਨ ਸਿੱਖ ਗੁਰੂਦੁਆਰਾ ਕੌਂਸਲ ਵੱਲੋਂ ਪ੍ਰੀਮੀਅਰ ਡੇਨੀਅਲ ਐਂਡਰੀਊ ਨੂੰ ਯਾਦਗਾਰੀ ਚਿੰਨ੍ਹ ਵੀ ਭੇਂਟ ਕੀਤਾ ਗਿਆ।

PunjabKesari

ਨਗਰ ਕੀਰਤਨ ਨੂੰ ਸਫਲ ਢੰਗ ਨਾਲ ਨੇਪਰੇ ਚਾੜਨ ਲਈ ਸੂਬਾ ਸਰਕਾਰ ਵੱਲੋਂ ਵਿੱਤੀ ਸਹਾਇਤਾ ਵੀ ਦਿੱਤੀ ਗਈ ਸੀ।ਇਸ ਨਗਰ ਕੀਰਤਨ ਵਿੱਚ 10 ਹਜ਼ਾਰ ਤੋਂ ਵੀ ਵੱਧ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।ਨੀਲੀਆ ਪੀਲੀਆਂ ਦਸਤਾਰਾਂ ਅਤੇ ਚੁੰਨੀਆਂ ਨੇ ਮੈਲਬੌਰਨ ਸ਼ਹਿਰ ਵਿੱਚ ਪੰਜਾਬ ਵਰਗਾ ਮਾਹੌਲ ਸਿਰਜ ਦਿੱਤਾ।ਪ੍ਰਸ਼ਾਸਨ ਵੱਲੋਂ ਸੁਰੱਖਿਆ ਪੱਖ ਤੋਂ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।


author

Vandana

Content Editor

Related News