ਫੁੱਟਬਾਲ ਸਿਖਲਾਈ ਕੈਂਪ ''ਚ ਪੰਜਾਬੀ ਭਾਈਚਾਰੇ ਨੇ ਲਿਆ ਹਿੱਸਾ, ਬਣਿਆ ਕੀਰਤੀਮਾਨ

Wednesday, Nov 13, 2019 - 09:49 AM (IST)

ਫੁੱਟਬਾਲ ਸਿਖਲਾਈ ਕੈਂਪ ''ਚ ਪੰਜਾਬੀ ਭਾਈਚਾਰੇ ਨੇ ਲਿਆ ਹਿੱਸਾ, ਬਣਿਆ ਕੀਰਤੀਮਾਨ

ਮੈਲਬੌਰਨ (ਮਨਦੀਪ ਸਿੰਘ ਸੈਣੀ):  ਮੈਲਬੌਰਨ ਦੇ ਪੱਛਮੀ ਇਲਾਕੇ ਵਿੱਚ ਸਥਿਤ 'ਵੁੱਡਲੀ' ਇੱਕ ਨਵੇਂ ਮਾਅਰਕੇ ਸਦਕਾ 'ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼' ਵਿੱਚ ਦਰਜ ਹੋਣ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਵਿੱਚ ਆ ਗਿਆ । ਜ਼ਿਕਰਯੋਗ ਹੈ ਕਿ 26 ਅਕਤੂਬਰ ਨੂੰ ਇਸ ਇਲਾਕੇ ਵਿੱਚ ਫੁੱਟਬਾਲ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ ਸੀ ਜੋ ਕਿ ਦੁਨੀਆ ਦਾ ਸਭ ਤੋਂ ਵੱਡਾ ਸਬਕ ਹੋ ਨਿਬੜਿਆ।ਫੁੱਟਬਾਲ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ 26 ਅਕਤੂਬਰ ਨੂੰ ਫਰੰਟੀਅਰ ਪਾਰਕ ਵਿੱਚ ਲੋਕਾਂ ਨੂੰ ਬੁਲਾਇਆ ਗਿਆ ਸੀ । 

ਇਸ ਖਾਸ ਸੈਸ਼ਨ ਦੌਰਾਨ ਪੰਜ ਸਾਲ ਤੋਂ ਵੱਧ ਉਮਰ ਦੇ ਬੱਚਿਆਂ, ਨੌਜਵਾਨਾਂ-ਮੁਟਿਆਰਾਂ ਅਤੇ ਬਜ਼ੁਰਗਾਂ ਨੇ ਭਾਗ ਲਿਆ ਸੀ ਤੇ ਪੰਜਾਬੀ ਭਾਈਚਾਰੇ ਦੇ ਲੋਕ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਪਰ ਸਥਾਨਕ ਲੋਕਾਂ ਦੀ ਦਿਲਚਸਪੀ ਅਤੇ ਉਤਸ਼ਾਹ ਦੇ ਚਲਦਿਆਂ ਇਸ ਸਾਲ 836 ਵਿਅਕਤੀਆਂ ਦੀ ਸ਼ਮੂਲੀਅਤ ਨੇ ਪਿਛਲਾ ਸਿਖਰ ਤੋੜਦਿਆਂ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ।ਪ੍ਰਬੰਧਕਾਂ ਮੁਤਾਬਿਕ ਪੁਰਾਣਾ ਰਿਕਾਰਡ ਪੋਲੈਂਡ ਦੇਸ਼ ਦੇ ਨਾਮ ਸੀ ਤੇ ਜਿਸ ਮੁਤਾਬਕ ਕੁੱਲ 705 ਵਿਅਕਤੀ ਸਿਖਲਾਈ ਦੌਰਾਨ ਸ਼ਾਮਲ ਹੋਏ ਸਨ ।ਦੱਸਣਯੋਗ ਹੈ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪਰਿਵਾਰ ਵੱਸਦੇ ਹਨ ਅਤੇ ਇਸ ਖੇਡ ਸਿਖਲਾਈ ਵਿੱਚ ਹੋਰ ਕੌਮਾਂ ਦੇ ਲੋਕਾਂ ਨੇ ਵੀ ਹਾਜ਼ਰੀ ਭਰੀ ਸੀ।ਇਸ ਨਵੇਂ ਕੀਰਤੀਮਾਨ ਕਰਕੇ ਸਥਾਨਕ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।


author

Vandana

Content Editor

Related News