ਮੀਡੀਆ ਨੇ ਮੇਰੇ ਤੇ ਇਮਰਾਨ ਨਾਲ ਕੀਤਾ ਵਿਵਹਾਰ : ਟਰੰਪ
Tuesday, Jul 23, 2019 - 08:53 PM (IST)

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਨਾਲ ਬੈਠਕ 'ਚ ਅਮਰੀਕੀ ਮੀਡੀਆ 'ਤੇ ਨਿਸ਼ਾਨ ਵਿੰਨ੍ਹਿਆ। ਉਨ੍ਹਾਂ ਨੇ ਆਖਿਆ ਕਿ ਪੱਤਰਕਾਰਾਂ ਨੇ ਉਨ੍ਹਾਂ ਦੇ ਨਾਲ ਇਮਰਾਨ ਖਾਨ ਨਾਲ ਵੀ ਗਲਤ ਵਿਵਹਾਰ ਕੀਤਾ। ਰਾਸ਼ਟਰਪਤੀ ਟਰੰਪ ਨੇ ਇਮਰਾਨ ਖਾਨ ਦੇ ਨਾਲ ਵ੍ਹਾਈਟ ਹਾਊਸ 'ਚ ਪਹਿਲੀ ਵਾਰ ਮੁਲਾਕਾਤ ਕੀਤੀ, ਜਿੱਥੇ ਦੋਹਾਂ ਨੇਤਾਵਾਂ ਨੇ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਅਤੇ ਕਸ਼ਮੀਰ ਸਮੇਤ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ।
ਓਵਲ ਆਫਿਸ 'ਚ ਟਰੰਪ ਦੇ ਨਾਲ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਕਿਹਾ ਕਿ ਪਾਕਿਸਤਾਨ ਦੀ ਮੀਡੀਆ ਦੁਨੀਆ ਦੇ ਸਭ ਤੋਂ ਆਜ਼ਾਦ ਪ੍ਰੈਸ 'ਚੋਂ ਇਕ ਹੈ। ਉਨ੍ਹਾਂ ਨੇ ਇਸ ਦੋਸ਼ ਨੂੰ ਖਾਰਿਜ਼ ਕੀਤਾ ਕਿ ਉਨ੍ਹਾਂ ਦੇ ਕਾਰਜਕਾਲ 'ਚ ਦੇਸ਼ 'ਚ ਮੀਡੀਆ ਦੀ ਆਜ਼ਾਦੀ 'ਤੇ ਹਮਲੇ ਹੋ ਰਹੇ ਹਨ। ਪਾਕਿਸਤਾਨੀ ਪੱਤਰਕਾਰਾਂ ਦੇ ਸਵਾਲ ਦੇ ਜਵਾਬ 'ਚ ਖਾਨ ਨੇ ਆਖਿਆ ਕਿ ਪਾਕਿਸਤਾਨ ਦੀ ਮੀਡੀਆ ਦੁਨੀਆ ਦੀ ਸਭ ਤੋਂ ਆਜ਼ਾਦ ਮੀਡੀਆ 'ਚੋਂ ਇਕ ਹੈ। ਆਪਣੀ ਖੁਦ ਦੀ ਮੀਡੀਆ ਵੱਲੋਂ ਜੋ ਮੇਰੀ ਨਿੰਦਾ ਕੀਤੀ ਜਾਂਦੀ ਹੈ ਉਹ ਬੇਮਿਸਾਲ ਹੈ। ਪਾਕਿਸਤਾਨੀ ਮੀਡੀਆ 'ਤੇ ਪਾਬੰਦੀਆਂ ਦੀ ਗੱਲ ਕਹਿਣਾ ਮਜ਼ਾਕ ਹੋਵੇਗਾ।
ਖਾਨ ਦੇ ਜਵਾਬ 'ਤੇ ਤੁਰੰਤ ਦਖਲਅੰਦਾਜ਼ੀ ਕਰਦੇ ਹੋਏ ਟਰੰਪ ਨੇ ਕਿਹਾ ਇਕ ਮਿੰਟ ਰੁਕੋ। ਅਜਿਹਾ ਹੋ ਨਹੀਂ ਸਕਦਾ ਕਿ ਤੁਹਾਡੇ ਨਾਲ ਮੇਰੇ ਤੋਂ ਜ਼ਿਆਦਾ ਬਦਤਰ ਵਿਵਹਾਰ ਕੀਤਾ ਗਿਆ ਹੋਵੇ। ਦੱਸ ਦਈਏ ਕਿ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ-ਐੱਨ.) ਪਾਰਟੀ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ 'ਤੇ ਵਿਰੋਧੀ ਨੇਤਾਵਾਂ ਦੀ ਕਵਰੇਜ਼ 'ਤੇ ਪਾਬੰਦੀਆਂ ਲਾਉਣ ਦਾ ਦੋਸ਼ ਲਾਇਆ ਸੀ। ਸਾਬਕਾ ਕ੍ਰਿਕਟਰ ਇਮਰਾਨ ਖਾਨ ਨੂੰ ਟਰੰਪ ਨੇ ਅਮਰੀਕਾ ਵੱਲੋਂ ਇਕ ਕ੍ਰਿਕਟ ਬੈਟ ਵੀ ਗਿਫਟ ਕੀਤਾ। ਇਮਰਾਨ ਖਾਨ ਦੇ ਪਾਕਿਸਤਾਨ ਦੌਰੇ ਦੀ ਕਾਫੀ ਚਰਚਾ ਹੋ ਰਹੀ ਹੈ ਤਾਂ ਉਥੇ ਹੀ ਅਮਰੀਕੀ ਰਾਸ਼ਟਰਪਤੀ ਦੇ ਕਸ਼ਮੀਰ ਮਾਮਲੇ 'ਤੇ ਦਿੱਤੇ ਬਿਆਨ ਨੂੰ ਲੈ ਕੇ ਭਾਰਤ 'ਚ ਵੀ ਹੰਗਾਮਾ ਹੋ ਰਿਹਾ ਹੈ।