ਕੈਨੇਡਾ 'ਚ ਭਾਰਤੀਆਂ ਦਾ ਰਹਿਣਾ ਹੋਇਆ ਔਖਾ, ਮੇਅਰ ਬੋਲੇ- ਨਿਸ਼ਾਨਾ ਬਣਾ ਕੀਤੇ ਜਾ ਰਹੇ ਹਮਲੇ
Thursday, Jan 18, 2024 - 11:28 AM (IST)
ਟੋਰਾਂਟੋ (ਏਜੰਸੀ) : ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰਿਆਂ ਖ਼ਿਲਾਫ਼ ਜ਼ਬਰਨ ਵਸੂਲੀ ਦੀਆਂ ਧਮਕੀਆਂ ਵਿੱਚ ‘ਚਿੰਤਾਜਨਕ’ ਵਾਧੇ ’ਤੇ ਚਿੰਤਾ ਜ਼ਾਹਰ ਕਰਦਿਆਂ, ਕੈਨੇਡਾ ਦੇ ਸ਼ਹਿਰ ਬਰੈਂਪਟਨ ਅਤੇ ਸਰੀ ਦੇ ਮੇਅਰਾਂ ਨੇ ਸਰਕਾਰ ਨੂੰ ਇਸ ਖ਼ਤਰੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਤੋਂ ਉਨ੍ਹਾਂ ਦੇ ਹਮਰੁਤਬਾ ਬਰੈਂਡਾ ਲਾਕ ਨੇ ਇਸ ਹਫ਼ਤੇ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਲਿਖੇ ਇੱਕ ਪੱਤਰ ਵਿੱਚ "ਜ਼ਬਰਨ ਵਸੂਲੀ ਦੀਆਂ ਕੋਸ਼ਿਸ਼ਾਂ ਅਤੇ ਗੋਲੀਬਾਰੀ ਸਮੇਤ ਹਿੰਸਕ ਕਾਰਵਾਈਆਂ" ਦੀ ਵੱਧ ਰਹੀ ਗਿਣਤੀ 'ਤੇ "ਡੂੰਘੀ ਚਿੰਤਾ" ਜ਼ਾਹਰ ਕੀਤੀ।
ਇਹ ਵੀ ਪੜ੍ਹੋ: ਵੱਡੀ ਖ਼ਬਰ, ਵਿਅਕਤੀ ਨੇ 8 ਸਾਲਾ ਭਤੀਜੀ ਸਣੇ 4 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆਂ, ਫਿਰ ਕੀਤੀ ਖ਼ੁਦਕੁਸ਼ੀ
ਪੱਤਰ ਵਿੱਚ ਲਿਖਿਆ ਗਿਆ ਹੈ, "ਇਹ ਚਿੰਤਾਜਨਕ ਘਟਨਾਕ੍ਰਮ ਇਹਨਾਂ ਖ਼ਤਰਿਆਂ ਦੀ ਗੰਭੀਰਤਾ ਅਤੇ ਵਿਆਪਕ ਪ੍ਰਕਿਰਤੀ ਨੂੰ ਦਰਸਾਉਂਦਾ ਹੈ, ਜੋ ਮੁੱਖ ਤੌਰ 'ਤੇ ਭਾਰਤੀ ਅਤੇ ਦੱਖਣੀ ਏਸ਼ੀਆਈ ਵਪਾਰਕ ਭਾਈਚਾਰੇ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।" ਮੇਅਰਾਂ ਨੇ ਕਿਹਾ ਕਿ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਅਤੇ ਪੀਲ ਰੀਜਨਲ ਪੁਲਸ ਸਮੇਤ ਸਥਾਨਕ ਪੁਲਸ ਵਿਭਾਗਾਂ ਨੇ "ਸਥਿਤੀ ਦੀ ਗੰਭੀਰਤਾ ਨੂੰ ਸਵੀਕਾਰ ਕੀਤਾ ਹੈ"। CP24 ਨਿਊਜ਼ ਚੈਨਲ ਦੇ ਅਨੁਸਾਰ, ਪੀਲ ਪੁਲਸ ਨੇ ਹਾਲ ਹੀ ਵਿੱਚ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਲਾਂਚ ਕੀਤੀ ਹੈ, ਜੋ ਹੁਣ ਜ਼ਬਰਨ ਵਸੂਲੀ ਦੀਆਂ 16 ਘਟਨਾਵਾਂ ਨਾਲ ਜੁੜੇ ਹਾਲਾਤਾਂ ਦੀ ਜਾਂਚ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਸ਼ੱਕੀ ਅਕਸਰ ਪੀੜਤ ਦੇ ਨਾਮ ਦੇ ਨਾਲ-ਨਾਲ ਉਨ੍ਹਾਂ ਦਾ ਫ਼ੋਨ ਨੰਬਰ, ਪਤਾ ਅਤੇ ਕਾਰੋਬਾਰੀ ਜਾਣਕਾਰੀ ਜਾਣਦੇ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨਾਲ ਸੰਪਰਕ ਕਰਦੇ ਹਨ, ਅਤੇ ਹਿੰਸਾ ਦੀਆਂ ਧਮਕੀਆਂ ਦੇ ਤਹਿਤ ਕਥਿਤ ਤੌਰ 'ਤੇ ਪੈਸੇ ਦੀ ਮੰਗ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਕਤਲ ਦੇ ਖ਼ਤਰੇ ਦੀ ਚਿਤਾਵਨੀ ਤੋਂ ਬਾਅਦ ਬ੍ਰਿਟੇਨ ’ਚ ਘਬਰਾਏ ਖਾਲਿਸਤਾਨੀ ਸਮਰਥਕ
ਮੇਅਰਾਂ ਨੇ ਸਰਕਾਰ ਨੂੰ ਇਸ ਮੁੱਦੇ ਨੂੰ ਪਹਿਲ ਦੇਣ ਅਤੇ ਜ਼ਬਰਨ ਵਸੂਲੀ ਦੇ ਇਨ੍ਹਾਂ ਖ਼ਤਰਿਆਂ ਨਾਲ ਨਜਿੱਠਣ ਲਈ ਇਕ ਵਿਆਪਕ ਰਣਨੀਤੀ ਵਿਕਸਿਤ ਕਰਨ ਲਈ ਲੋੜੀਂਦੀਆਂ ਫੈਡਰਲ ਏਜੰਸੀਆਂ ਦੇ ਨਾਲ-ਨਾਲ ਸਥਾਨਕ ਅਤੇ ਸੂਬਾਈ ਅਧਿਕਾਰੀਆਂ ਨਾਲ ਜੁੜਨ ਦੀ ਅਪੀਲ ਕੀਤੀ। ਮੇਅਰਾਂ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਨੇ ਉਹਨਾਂ ਦੇ ਸਬੰਧਤ ਭਾਈਚਾਰਿਆਂ ਵਿੱਚ "ਡਰ ਪੈਦਾ ਕਰ ਦਿੱਤਾ" ਹੈ। ਬ੍ਰਾਊਨ ਨੇ CP24 ਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਜਸਟਿਨ ਟਰੂਡੋ ਸਰਕਾਰ ਇੱਕ ਸਪੱਸ਼ਟ ਸੰਦੇਸ਼ ਦੇਵੇ ਕਿ ਇਹਨਾਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 3 ਜਨਵਰੀ ਨੂੰ ਐਡਮੰਟਨ, ਅਲਬਰਟਾ ਵਿੱਚ ਪੁਲਸ ਨੇ ਘੋਸ਼ਣਾ ਕੀਤੀ ਕਿ ਉਹ ਇਸ ਖੇਤਰ ਵਿੱਚ 18 ਜਬਰਨ ਵਸੂਲੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੇ ਹਨ, ਜਿਨ੍ਹਾਂ ਬਾਰੇ ਉਹਨਾਂ ਦਾ ਮੰਨਣਾ ਹੈ ਕਿ ਇਹ ਅੱਗਜ਼ਨੀ ਅਤੇ ਡਰਾਈਵ-ਬਾਈ ਗੋਲੀਬਾਰੀ ਦੀ ਲੜੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਅੱਗਜ਼ਨੀ ਨਾਲ ਸਬੰਧਤ 6 ਗ੍ਰਿਫ਼ਤਾਰੀਆਂ ਦੀ ਵੀ ਰਿਪੋਰਟ ਦਿੱਤੀ, ਜਿਸ ਵਿੱਚ 20 ਸਾਲਾ ਪਰਮਿੰਦਰ ਸਿੰਘ ਵੀ ਸ਼ਾਮਲ ਹੈ, ਜੋ ਹਥਿਆਰਾਂ ਨਾਲ ਸਬੰਧਤ 12 ਦੋਸ਼ਾਂ ਲਈ ਹਿਰਾਸਤ ਵਿੱਚ ਹੈ। ਹਸਨ ਡੇਂਬਿਲ (18), ਮਾਨਵ ਹੀਰ (18), ਰਵਿੰਦਰ ਸੰਦੂ (19) 'ਤੇ ਵੀ ਦੋਸ਼ ਲਗਾਇਆ ਗਿਆ ਸੀ ਪਰ ਹੁਣ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਆਪਣੇ ਹੀ ਦੇਸ਼ ਦੀ ਸੰਸਦ 'ਚ ਘਿਰੇ ਬ੍ਰਿਟਿਸ਼ PM ਸੁਨਕ, ਕਰਨਾ ਪਿਆ ਬਗਾਵਤ ਦਾ ਸਾਹਮਣਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।