ਇਟਲੀ : ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਅਤੇ ਅਧਿਕਾਰਾਂ ਲਈ ਵਿਸ਼ਾਲ ਮੁਜ਼ਾਹਰਾ 21 ਅਪ੍ਰੈਲ ਨੂੰ
Friday, Apr 15, 2022 - 06:15 PM (IST)
ਰੋਮ (ਦਲਵੀਰ ਕੈਂਥ): ਇਟਲੀ ਵਿੱਚ ਪ੍ਰਵਾਸੀਆਂ ਮਜ਼ਦੂਰਾਂ ਨੂੰ ਜਿੱਥੇ ਸਾਰਾ ਦਿਨ ਹੱਢ ਭੰਨਵੀਂ ਮਿਹਨਤ ਮੁਸ਼ਕਤ ਕਰਕੇ ਦੋ ਵਕਤ ਦੀ ਰੋਟੀ ਨਸੀਬ ਹੁੰਦੀ ਹੈ ਉੱਥੇ ਆਪਣੇ ਹੱਕਾਂ ਅਤੇ ਅਧਿਕਾਰਾਂ ਨੂੰ ਹਾਸਿਲ ਕਰਨ ਲਈ ਵੀ ਕਦੇ ਆਪਣਿਆਂ ਨਾਲ ਤੇ ਕਦੇ ਬੇਗਾਨਿਆਂ ਨਾਲ ਸਦਾ ਹੀ ਸੰਘਰਸ਼ ਕਰਨਾ ਪੈ ਰਿਹਾ ਹੈ।ਪ੍ਰਵਾਸੀਆਂ ਦੀ ਇਸ ਲੜਾਈ ਵਿੱਚ ਇਟਲੀ ਭਰ ਦੀਆਂ ਭਰਾਤਰੀ ਜੱਥੇਬੰਦੀਆਂ ਵੀ ਬੇਸ਼ੱਕ "ਹਾਅ” ਦਾ ਅਕਸਰ ਨਾਅਰਾ ਮਾਰਦੀਆਂ ਹਨ ਪਰ ਇਸ ਦੇ ਬਾਵਜੂਦ ਪ੍ਰਵਾਸੀਆਂ ਨੂੰ ਹੁਣ ਤੱਕ ਇਟਲੀ ਵਿੱਚ ਉਹ ਰੁਤਬਾ ਜਾਂ ਮਾਣ ਸਤਿਕਾਰ ਨਹੀਂ ਮਿਲ ਸਕਿਆ ਜਿਹੜਾ ਕਿ ਅਮਰੀਕਾ, ਕੈਨੇਡਾ ਜਾਂ ਕਈ ਹੋਰ ਦੇਸ਼ਾਂ ਵਿੱਚ ਮਿਲ ਰਿਹਾ ਹੈ।ਇਟਲੀ ਦੇ ਪ੍ਰਵਾਸੀਆਂ ਨੂੰ ਉਹਨਾਂ ਦੇ ਬਣਦੇ ਹੱਕ ਅਤੇ ਅਧਿਕਾਰ ਦੁਆਉਣ ਲਈ ਭਾਰਤੀ ਭਾਈਚਾਰੇ ਦੀ ਨਾਮੀ ਸੰਸਥਾ "ਇੰਡੀਅਨ ਕਮਿਊਨਿਟੀ ਇਨ ਲਾਸੀਓ ਸਦਾ ਹੀ ਮੋਹਰਲੀ ਕਤਾਰ ਵਿੱਚ ਖੜ੍ਹਦੀ ਹੈ।
ਜਿਸ ਨੂੰ ਮਜ਼ਦੂਰਾਂ ਦੇ ਹੱਕਾਂ ਦੀ ਲੜਾਈ ਲੜਦਿਆਂ ਨੂੰ 6 ਸਾਲ ਬੀਤ ਚੁੱਕੇ ਹਨ ਅਫ਼ਸੋਸ ਸਰਕਾਰਾਂ ਬਦਲ ਗਈਆਂ, ਬਹੁਤ ਗੱਲਾਂ ਕੀਤੀਆਂ ਗਈਆਂ ਪਰ ਪਰਵਾਸੀ ਮਜ਼ਦੂਰਾਂ ਲਈ ਸਥਿਤੀ ਅਸਲ ਵਿੱਚ ਹਮੇਸ਼ਾ ਇੱਕੋ ਜਿਹੀ ਰਹੀ ਹੈ। ਨਿਵਾਸ ਪਰਮਿਟ ਤੋਂ ਬਿਨਾਂ ਉਹ ਆਪਣੀ ਸਥਿਤੀ ਨੂੰ ਠੀਕ ਕਰਨ ਦੇ ਯੋਗ ਨਹੀਂ ਹੋਏ ਹਨ। ਜਿਨ੍ਹਾਂ ਨੇ ਆਪਣੇ ਨਿਵਾਸ ਪਰਮਿਟ ਦਾ ਨਵੀਨੀਕਰਨ ਕਰਨਾ ਹੁੰਦਾ ਹੈ, ਉਹਨਾਂ ਨੂੰ ਅਕਸਰ ਬਹੁਤ ਲੰਮਾ ਸਮਾਂ ਉਡੀਕ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਿਵੇਂ ਕਿ ਵਾਰ-ਵਾਰ ਜ਼ਿਕਰ ਹੋ ਰਿਹਾ ਹੈ। ਕਾਨੂੰਨਾਂ ਨੇ ਸਿਰਫ ਏਜੰਟਾਂ ਅਤੇ ਅਮੀਰ ਵਰਗ ਦੇ ਲੋਕਾਂ ਦੇ ਹੀ ਘਰ ਭਰੇ ਹਨ ਅਤੇ ਪ੍ਰਵਾਸੀਆਂ ਦੀਆਂ ਮੁਢਲੀਆਂ ਲੋੜਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਹੈ। ਇਟਲੀ 'ਚ ਬਹੁਤ ਸਾਰੇ ਹਾਲੇ ਵੀ ਅਜਿਹੇ ਪ੍ਰਵਾਸੀ ਹਨ, ਜੋ ਆਪਣਾ ਘਰ ਚਲਾਉਣ ਲਈ ਦਿਨ-ਰਾਤ ਮਿਹਨਤ ਕਰਦੇ ਹਨ ਪਰ ਆਪਣੀ ਲੁੱਟ-ਖਸੁੱਟ ਹੋਣ ਤੋਂ ਬਾਅਦ ਆਪਣੇ ਪੇਪਰ ਗਵਾ ਚੁੱਕੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕੀ ਫ਼ੌਜ ਵੱਲੋਂ 4 ਸਿੱਖਾਂ ਨੂੰ ਦਾੜ੍ਹੀ ਕੱਟਣ ਦੇ ਹੁਕਮ, ਕੀਤਾ ਅਦਾਲਤ ਦਾ ਰੁਖ਼
ਕਈ ਮਾਲਕ ਜ਼ਿਆਦਾ ਕੰਮ ਅਤੇ ਘੱਟ ਤਨਖਾਹਾਂ ਨਾਲ ਪ੍ਰਵਾਸੀਆਂ ਤੋਂ ਫਾਇਦਾ ਉਠਾਉਂਦੇ ਹਨ ਅਤੇ ਉਹਨਾਂ ਨੂੰ ਅਕਸਰ ਦਰਦਨਾਕ ਅਤੇ ਖ਼ਤਰਨਾਕ ਹਾਲਤਾਂ ਵਿੱਚ ਰਹਿਣ ਲਈ ਮਜ਼ਬੂਰ ਕਰਦੇ ਹਨ।ਅਜਿਹੀਆਂ ਸਥਿਤੀਆਂ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਸ਼ੌਂਕ ਨਾਲ ਨਹੀ ਸਗੋਂ ਮਜ਼ਬੂਰੀਆ ਵਿੱਚ ਘਿਰੀਆ ਬੇਵੱਸੀ ਦੇ ਆਲਮ ਵਿੱਚ ਰਹਿੰਦਾ ਹੈ।ਇੰਡੀਅਨ ਕਮਿਊਨਿਟੀ ਇਨ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜ਼ਾਰਾ ਨੇ ਇਟਾਲੀਅਨ ਪੰਜਾਬੀ ਪ੍ਰੈੱਸ ਨੂੰ ਇਟਲੀ ਦੇ ਪ੍ਰਵਾਸੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਸਿਰਫ਼ ਭਾਰਤੀ ਪ੍ਰਵਾਸੀਆਂ ਦੇ ਨਾਲ ਹੀ ਨਹੀਂ ਸਗੋਂ ਬੰਗਲਾ ਦੇਸ਼ੀ ਮਜ਼ਦੂਰਾਂ ਦੇ ਨਾਲ ਵੀ ਮੋਢੇ ਨਾਲ ਮੋਢਾ ਲਾਕੇ ਖੜ੍ਹ ਰਹੀ ਹੈ ਤੇ ਹਾਲ ਹੀ ਵਿੱਚ ਉਹਨਾਂ ਦੀ ਸੰਸਥਾ ਦੇ ਕੁਝ ਨੁਮਾਇੰਦਿਆਂ ਨੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਇਟਾਲੀਅਨ ਨਾਗਰਿਕਤਾ ਦੇਣ ਦੀ ਸੰਭਾਵਨਾ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਇਟਲੀ ਵਿੱਚ ਜੰਮੇ ਬੱਚਿਆਂ ਅਤੇ ਆਉਣ ਵਾਲੇ ਸਮੇ ਵਿੱਚ ਜਨਮ ਲੈਣ ਵਾਲੇ ਬੱਚਿਆਂ ਨੂੰ ਇਟਾਲੀਅਨ ਨਾਗਰਿਕਤਾ ਦੇਣਾ ਉਹਨਾਂ ਦਾ ਹੱਕ ਹੈ।
ਪੜ੍ਹੋ ਇਹ ਅਹਿਮ ਖ਼ਬਰ- ਇਟਲੀ 'ਚ ਅਲੱਗ ਤਰੀਕੇ ਕਰ ਰਿਹਾ ਨੌਜਵਾਨ 'ਸਿੱਖੀ' ਦਾ ਪ੍ਰਚਾਰ
ਇਟਲੀ ਦੇ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਅਤੇ ਉਹਨਾਂ ਦੇ ਬਣਦੇ ਅਧਿਕਾਰ ਸਰਕਾਰ ਕੋਲੋਂ ਪ੍ਰਾਪਤ ਕਰਨ ਲਈ ਇੰਡੀਅਨ ਕਮਿਊਨਿਟੀ ਇਨ ਲਾਸੀਓ ਵੱਲੋਂ ਭਾਰਤੀ ਅਤੇ ਬੰਗਲਾ ਦੇਸ਼ੀ ਭਾਈਚਾਰੇ ਦੇ ਸਹਿਯੋਗ ਨਾਲ ਵਿਸ਼ਾਲ ਮੁਜ਼ਾਹਰਾ ਦਿਨ ਵੀਰਵਾਰ 21 ਅਪ੍ਰੈਲ 2022 ਨੂੰ ਬਾਅਦ ਦੁਪਹਿਰ 15.30 ਵਜੇ ਸ਼ਹਿਰ ਲਾਤੀਨਾ ਵਿੱਚ ਕੀਤਾ ਜਾ ਰਿਹਾ ਹੈ ਜਿਸ ਵਿੱਚ ਸੂਬੇ ਦੇ ਸਮੂਹ ਪ੍ਰਵਾਸੀ ਮਜ਼ਦੂਰਾਂ ਨੂੰ ਸਮੇਤ ਪਰਿਵਾਰ ਸਮੂਲੀਅਤ ਕਰਨ ਤਾਂ ਜੋ ਸਰਕਾਰ ਕੋਲ ਗੱਲ ਨੂੰ ਸੁਚੱਜੇ ਢੰਗ ਨਾਲ ਰੱਖਿਆ ਜਾ ਸਕੇ।ਸੰਸਥਾ ਵੱਲੋਂ ਪ੍ਰਮੁੱਖ ਤੌਰ 'ਤੇ ਪ੍ਰਵਾਸੀਆਂ ਲਈ ਜਿਹੜੀਆਂ ਮੰਗਾਂ ਸਰਕਾਰ ਕੋਲ ਪੇਸ਼ ਕੀਤੀਆਂ ਜਾ ਰਹੀਆਂ ਹਨ ਉਹ ਇਸ ਤਰ੍ਹਾਂ ਹਨ--
•ਕੰਮ ਅਤੇ ਨਿਵਾਸ ਦੀ ਸਵੈ-ਘੋਸ਼ਣਾ ਦੇ ਨਾਲ ਰਿਹਾਇਸ਼ੀ ਪਰਮਿਟ ਅਤੇ ਕਾਨੂੰਨ ਜਾਰੀ ਕਰਨਾ।
•ਰਿਹਾਇਸ਼ੀ ਪਰਮਿਟ ਦਾ ਨਵੀਕਰਨ ਨਿਵਾਸ ਪਰਮਿਟ ਦੇ ਨਾਲ ਪਰ ਰਿਹਾਇਸ਼ੀਸਰਟੀਫਿਕੇਟ ਤੋਂ ਬਿਨਾਂ ਜਿਸ ਨੇ ਦਸਤਾਵੇਜ਼ਾਂ ਦੀ ਵਿਕਰੀ ਲਈ ਕਾਲਾ ਬਜ਼ਾਰ ਬਣਾਇਆ ਹੈ।
•ਰਿਹਾਇਸ਼ੀ ਪਰਮਿਟ ਅਤੇ ਜਾਅਲੀ ਰਿਹਾਇਸ਼ੀ ਸਰਟੀਫਿਕੇਟ ਵੇਚਣ ਵਾਲੇ ਘਪਲੇਬਾਜਾਂ ਦਾ ਸ਼ਿਕਾਰ ਹੋਏ ਲੋਕਾਂ ਲਈ ਕੋਈ ਕਾਨੂੰਨੀ ਤਰੀਕੇ ਨਾਲ ਸੰਜੋਰਨੋ ਦਿਵਾਉਣਾ।
•ਉਨ੍ਹਾਂ ਪ੍ਰਵਾਸੀਆਂ ਲਈ ਇਟਲੀ ਵਾਪਸ ਆਉਣ ਦੀ ਤੁਰੰਤ ਸੰਭਾਵਨਾ ਜੋ ਕੋਵਿਡ -19 ਦੌਰਾਨ ਆਪਣੇ ਦੇਸ਼ਾਂ ਵਿੱਚ ਫਸੇ ਹੋਏ ਸਨ ਅਤੇ ਉਹਨਾਂ ਦੇ ਰਿਹਾਇਸ਼ੀ ਪਰਮਿਟ ਦੇ ਤੁਰੰਤ ਨਵੀਨੀਕਰਨ।
•ਵਧਦੀਆਂ ਕੀਮਤਾਂ ਨਾਲ ਨਾਲ ਮਜ਼ਦੂਰਾਂ ਦੀਆਂ ਤਨਖਾਹਾਂ ਵਧਾ ਕੇ ਉਹਨਾਂ ਦੀ ਜ਼ਿੰਦਗੀ ਜਿਉਣ ਵਿੱਚ ਮਦਦ ਕੀਤੀ ਜਾਵੇ।
ਇੰਡੀਅਨ ਕਮਿਊਨਿਟੀ ਇਨ ਲਾਸੀਓਵੱਲੋਂ ਇਟਾਲੀਅਨ ਮਜ਼ਦੂਰਾਂ ਨੂੰ ਵੀ ਮੁਜ਼ਾਹਰੇ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ ਹੈ ਤਾਂ ਕਿਉਂਕਿ ਪ੍ਰਵਾਸੀ ਮਜ਼ਦੂਰਾਂ ਕੋਲ ਜਿੰਨੇ ਜ਼ਿਆਦਾ ਅਧਿਕਾਰ ਹੋਣਗੇ, ਸਾਰੇ ਮਜ਼ਦੂਰ ਉਹਨਾਂ ਹੀ ਮਜ਼ਬੂਤ ਹੋਣਗੇ ਤੇ ਘੱਟ ਸ਼ੋਸ਼ਿਤ ਹੋਣਗੇ।