ਮਾਸਕ ਦੀ ਜਗ੍ਹਾ ਚਿਹਰੇ ’ਤੇ ਪੇਂਟਿੰਗ ਬਣਾ ਕੇ ਮੂਰਖ਼ ਬਣਾ ਰਹੀ ਸੀ ਮਹਿਲਾ, ਮਿਲੀ ਸਜ਼ਾ

Tuesday, Apr 27, 2021 - 01:24 PM (IST)

ਮਾਸਕ ਦੀ ਜਗ੍ਹਾ ਚਿਹਰੇ ’ਤੇ ਪੇਂਟਿੰਗ ਬਣਾ ਕੇ ਮੂਰਖ਼ ਬਣਾ ਰਹੀ ਸੀ ਮਹਿਲਾ, ਮਿਲੀ ਸਜ਼ਾ

ਇੰਟਰਨੈਸ਼ਨਲ ਡੈਸਕ : ਕੋਰੋਨਾ ਵਾਇਰਸ ਦਾ ਸਾਹਮਣਾ ਕਰ ਰਹੀ ਪੂਰੀ ਦੁਨੀਆ ਨੂੰ ਮਾਹਰਾਂ ਅਤੇ ਡਾਕਟਰਾਂ ਨੇ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਕੁੱਝ ਲੋਕ ਮਾਸਕ ਲਗਾਉਣਾ ਜ਼ਰੂਰੀ ਨਹੀਂ ਸਮਝਦੇ ਅਤੇ ਇਸ ਨੂੰ ਬੋਝ ਅਤੇ ਸੁੰਦਰਤਾ ਨੂੰ ਖ਼ਰਾਬ ਕਰਨ ਵਾਲਾ ਮੰਨਦੇ ਹਨ। ਅਜਿਹਾ ਹੀ ਸੋਚਣ ਵਾਲੀ ਇਕ ਮਹਿਲਾ ਨੂੰ ਮਾਸਕ ਨਾ ਪਾਉਣਾ ਮਹਿੰਗਾ ਪੈ ਗਿਆ। ਦਰਅਸਲ ਇਹ ਮਹਿਲਾ ਮਾਸਕ ਦੀ ਜਗ੍ਹਾ ਚਿਹਰੇ ’ਤੇ ਪੇਂਟ ਲਗਾ ਕੇ ਘੁੰਮਦੀ ਸੀ ਅਤੇ ਪ੍ਰਸ਼ਾਸਨ ਸਮੇਤ ਆਪਣੇ ਆਸ-ਪਾਸ ਦੇ ਲੋਕਾਂ ਨੂੰ ਮੂਰਖ਼ ਬਣਾ ਰਹੀ ਸੀ। ਕੋਰੋਨਾ ਸਬੰਧੀ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਕਾਰਨ ਉਸ ਦਾ ਪਾਸਪੋਰਟ ਜ਼ਬਤ ਕਰ ਲਿਆ ਗਿਆ ਹੈ।

ਇੰਡੋਨੇਸ਼ੀਆ ਦੇ ਬਾਲੀ ਵਿਚ ਹਾਲ ਹੀ ਵਿਚ 2 ਔਰਤਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ। ਇਨ੍ਹਾਂ ਦੋਵਾਂ ਔਰਤਾ ਨੇ ਸੁਪਰਮਾਰਕਿਟ ਵਿਚ ਜਾਣ ਲਈ ਜੋ ਮਾਸਕ ਪਾਇਆ ਸੀ ਅਸਲ ਵਿਚ ਉਹ ਮਾਸਕ ਨਹੀਂ ਸੀ, ਸਗੋਂ ਚਿਹਰੇ ’ਤੇ ਮਾਸਕ ਵਾਂਗ ਦਿਸਣ ਵਾਲੀ ਪੇਂਟਿੰਗ ਕੀਤੀ ਸੀ। ਮਾਸਕ ਦੇ ਬਿਨਾਂ ਸੁਪਰਮਾਰਕਿਟ ਵਿਚ ਆਉਣ ਦੀ ਇਜਾਜ਼ਤ ਨਹੀਂ ਹੈ। ਇਸ ਲਈ ਇਸ ਵਿਚੋਂ ਇਕ ਮਹਿਲਾ ਨੇ ਦੁਕਾਨਦਾਰਾਂ ਨੂੰ ਬੇਵਕੂਫ ਬਣਾਉਣ ਲਈ ਆਪਣੇ ਚਿਹਰੇ ’ਤੇ ਨੀਲੇ ਰੰਗ ਦੇ ਮਾਸਕ ਦੀ ਪੇਂਟਿੰਗ ਬਣਾ ਲਈ।

ਮੀਡੀਆ ਰਿਪੋਰਟ ਮੁਤਾਬਕ ਸੁਪਰਮਾਰਕਿਟ ਵਿਚ ਟਹਿਲਦੇ ਹੋਏ ਜੋਸ਼ ਪਾਲਰ ਲਿਨ ਅਤੇ ਲੀਆ ਨਾਮ ਦੀਆਂ ਇਨ੍ਹਾਂ ਔਰਤਾਂ ਦੀ ਕਿਸੇ ਨੇ ਚੋਰੀ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਲੀਆ ਨੇ ਆਪਣੇ ਚਿਹਰੇ ’ਤੇ ਮਾਸਕ ਦੇ ਆਕਾਰ ਵਿਚ ਨੀਲਾ ਰੰਗ ਲਗਾਇਆ ਹੋਇਆ ਸੀ। ਹਾਲਾਂਕਿ ਬਾਅਦ ਵਿਚ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਅਜਿਹਾ ਵੀਡੀਓ ਬਣਾਉਣ ਲਈ ਕੀਤਾ ਸੀ ਤਾਂ ਜੋ ਉਨ੍ਹਾਂ ਦੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਵਿਊਜ਼ ਮਿਲ ਸਕਣ।

ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਸ ਹੋਣ ਦੇ ਬਾਅਦ ਲੋਕਾਂ ਨੇ ਦੋਵਾਂ ਔਰਤਾਂ ਦੀ ਜੰਮ ਕੇ ਆਲੋਚਨਾ ਕੀਤੀ। ਲੋਕਾਂ ਨੇ ਦੋਵਾਂ ਨੂੰ ਗੈਰ-ਜ਼ਿੰਮੇਦਾਰ ਅਤੇ ਖ਼ਤਰਨਾਕ ਦੱਸਿਆ। ਵੀਡੀਚ ਵਾਇਰਲ ਹੋਣ ਦੇ ਬਾਅਦ ਇਨ੍ਹਾਂ ਔਰਤਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਅਤੇ ਇੰਡੋਨੇਸ਼ੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ। ਲੀਆ ਦੀ ਪਛਾਣ ਰੂਸੀ ਨਾਗਰਿਕ ਅਤੇ ਜੋਸ਼ ਦੀ ਪਛਾਣ ਤਾਈਵਾਨ ਦੀ ਨਾਗਰਿਕ ਵਜੋਂ ਹੋਈ ਹੈ ਅਤੇ ਉਨ੍ਹਾਂ ਦੇ ਦੇਸ਼ ਨਿਕਾਲੇ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
 


author

cherry

Content Editor

Related News