ਮਰੀਅਮ ਨਵਾਜ਼ ਕਰੀਬ ਤਿੰਨ ਸਾਲ ਬਾਅਦ ਲੰਡਨ ''ਚ ਆਪਣੇ ਪਰਿਵਾਰ ਨੂੰ ਮਿਲੀ

10/07/2022 3:49:30 PM

ਲੰਡਨ (ਭਾਸ਼ਾ) : ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਸ਼ਰੀਫ਼ ਨੇ ਤਿੰਨ ਸਾਲਾਂ ਬਾਅਦ ਇੱਥੇ ਆਪਣੇ ਪਰਿਵਾਰ ਨਾਲ ਮੁਲਾਕਾਤ ਕੀਤੀ। ਮਰੀਅਮ ਦਾ ਪਾਸਪੋਰਟ ਹਾਲ ਹੀ ਵਿਚ ਅਦਾਲਤ ਦੇ ਹੁਕਮਾਂ ਤੋਂ ਬਾਅਦ ਅਧਿਕਾਰੀਆਂ ਨੇ ਵਾਪਸ ਕੀਤਾ ਸੀ, ਜਿਸ ਤੋਂ ਬਾਅਦ ਉਹ ਲੰਡਨ ਪਹੁੰਚੀ। ਉਸ ਦੇ ਪਿਤਾ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾਂ ਦੇ ਭਰਾ ਅਤੇ ਕਈ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਲੰਡਨ 'ਚ ਹਨ।

ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਦੀ ਉਪ ਪ੍ਰਧਾਨ ਮਰੀਅਮ ਵੀਰਵਾਰ ਨੂੰ ਲੰਡਨ ਪਹੁੰਚੀ। ਮਰੀਅਮ ਦਾ ਭਰਾ ਹਸਨ ਨਵਾਜ਼ ਸ਼ਰੀਫ ਅਤੇ ਬੇਟਾ ਜੁਨੈਦ ਸਫਦਰ ਉਸ ਨੂੰ ਲੈਣ ਹੀਥਰੋ ਹਵਾਈ ਅੱਡੇ 'ਤੇ ਪਹੁੰਚੇ ਸਨ। ਮਰੀਅਮ ਨੇ 2019 ਵਿਚ 'ਚੌਧਰੀ ਸ਼ੂਗਰ ਮਿੱਲ' ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਆਪਣਾ ਪਾਸਪੋਰਟ ਲਾਹੌਰ ਹਾਈ ਕੋਰਟ 'ਚ ਜਮ੍ਹਾ ਕਰਵਾਇਆ ਸੀ। ਇਸਲਾਮਾਬਾਦ ਹਾਈ ਕੋਰਟ ਵੱਲੋਂ ਐਵਨਫੀਲਡ ਜਾਇਦਾਦ ਮਾਮਲੇ ਵਿੱਚ ਉਸ ਦੀ ਸਜ਼ਾ ਨੂੰ ਰੱਦ ਕਰਨ ਤੋਂ ਕੁਝ ਦਿਨਾਂ ਬਾਅਦ ਅਧਿਕਾਰੀਆਂ ਨੇ ਉਸ ਦਾ ਪਾਸਪੋਰਟ ਵਾਪਸ ਕਰ ਦਿੱਤਾ ਸੀ।

ਤਕਰੀਬਨ ਤਿੰਨ ਸਾਲ ਬਾਅਦ ਮਰੀਅਮ ਆਪਣੇ ਭਰਾਵਾਂ ਹੁਸੈਨ ਅਤੇ ਹਸਨ ਨੂੰ ਮਿਲੀ। ਉਸ ਦੀ ਮੁਲਾਕਾਤ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਉਹ ਆਖ਼ਰੀ ਵਾਰ ਆਪਣੀ ਮਾਂ ਕੁਲਸੂਮ ਨਵਾਜ਼ ਨੂੰ ਮੌਤ ਦੇ ਸਮੇਂ ਮਿਲੀ ਸੀ। ਕੁਲਸੂਮ ਨਵਾਜ਼ ਦਾ ਸਤੰਬਰ 2019 ਵਿੱਚ ਲੰਡਨ ਵਿੱਚ ਦਿਹਾਂਤ ਹੋ ਗਿਆ ਸੀ। ਉਸ ਸਮੇਂ ਮਰੀਅਮ ਅਦਿਆਲਾ ਜੇਲ੍ਹ ਵਿੱਚ ਬੰਦ ਸੀ। ਹਾਲਾਂਕਿ, ਉਸ ਨੂੰ ਲਾਹੌਰ ਵਿਚ ਆਪਣੀ ਮਾਂ ਦੇ ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਲਈ ਪੈਰੋਲ 'ਤੇ ਰਿਹਾਅ ਕੀਤਾ ਗਿਆ ਸੀ। ਪੀ.ਐੱਮ.ਐੱਲ.-ਐੱਨ. ਦੇ ਉਪ ਪ੍ਰਧਾਨ ਦੇ 6 ਨਵੰਬਰ ਨੂੰ ਪਾਕਿਸਤਾਨ ਪਰਤਣ ਦੀ ਸੰਭਾਵਨਾ ਹੈ।

ਮਰੀਅਮ ਦੇ ਲੰਡਨ ਦੌਰੇ ਦੌਰਾਨ ਡਾਕਟਰੀ ਇਲਾਜ ਕਰਾਉਣ ਦੀ ਵੀ ਉਮੀਦ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਮਰੀਅਮ ਆਪਣੇ ਪਿਤਾ ਨਵਾਜ਼ ਸ਼ਰੀਫ ਨਾਲ ਪਾਕਿਸਤਾਨ ਪਰਤੇਗੀ। ਅਦਾਲਤ ਨੇ ਨਵਾਜ਼ ਸ਼ਰੀਫ਼ (72) ਨੂੰ 'ਐਵੇਨਫੀਲਡ ਪ੍ਰਾਪਰਟੀ ਮਰੀਅਮ ਕੇਸ' ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ 10 ਸਾਲ ਦੀ ਸਜ਼ਾ ਸੁਣਾਈ ਸੀ। ਨਵੰਬਰ 2019 'ਚ ਇਲਾਜ ਲਈ ਲੰਡਨ ਆਏ ਨਵਾਜ਼ ਉਦੋਂ ਤੋਂ ਹੀ ਇੱਥੇ ਹਨ। ਮਰੀਅਮ ਦੇ ਸਵਾਗਤ ਲਈ ਕਈ ਪੀ.ਐੱਮ.ਐੱਲ.-ਐੱਨ. ਸਮਰਥਕ ਹਵਾਈ ਅੱਡੇ 'ਤੇ ਇਕੱਠੇ ਹੋਏ ਸਨ। ਇਸ ਦੌਰਾਨ ਉਨ੍ਹਾਂ ਦੀ ਵਿਰੋਧੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸਮਰਥਕ ਵੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।


cherry

Content Editor

Related News