ਕੋਰੋਨਾ : 50 ਸਾਲਾਂ ਤੋਂ ਜੀਵਨ ਸਾਥੀ ਰਹੇ ਜੋੜੇ ਨੇ ਹੱਥ ਫੜ ਇਕੱਠਿਆਂ ਲਿਆ ਆਖਰੀ ਸਾਹ
Wednesday, Sep 23, 2020 - 10:29 AM (IST)
ਕੈਰੋਲੀਨਾ- ਕਹਿੰਦੇ ਨੇ ਕਿ ਰਿਸ਼ਤੇ ਧੁਰੋਂ ਹੀ ਬਣ ਕੇ ਆਉਂਦੇ ਹਨ ਤੇ ਕਈ ਰਿਸ਼ਤੇ ਇੰਨੇ ਗੂੜ੍ਹੇ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਕੋਈ ਇਨਸਾਨ ਤਾਂ ਕੀ ਮੌਤ ਵੀ ਵੱਖ ਨਹੀਂ ਕਰ ਸਕਦੀ। ਉੱਤਰੀ ਕੈਰੋਲੀਨਾ ਵਿਚ ਇਸ ਦੀ ਇਕ ਉਦਾਹਰਣ ਦੇਖਣ ਨੂੰ ਮਿਲੀ ਹੈ, ਜਿੱਥੇ 50 ਸਾਲਾਂ ਤੋਂ ਇਕ-ਦੂਜੇ ਦੇ ਜੀਵਨ ਸਾਥੀ ਬਣੇ ਜੋੜੇ ਨੇ ਇਕੱਠਿਆਂ ਦਮ ਤੋੜ ਦਿੱਤਾ।
67 ਸਾਲ ਜੌਹਨੀ ਲੀ ਤੇ ਉਸ ਦੀ 65 ਸਾਲਾ ਪਤਨੀ ਡੈਰਲੀਨੇ ਵਿਚ ਅਗਸਤ ਮਹੀਨੇ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਅਤੇ ਸਤੰਬਰ ਵਿਚ ਦੋਹਾਂ ਦੀ ਇਕੱਠਿਆਂ ਮੌਤ ਹੋ ਗਈ। ਉਨ੍ਹਾਂ ਦੇ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਂ-ਬਾਪ 50 ਸਾਲਾਂ ਤੋਂ ਇਕ-ਦੂਜੇ ਨਾਲ ਪੂਰੀ ਤਰ੍ਹਾਂ ਸਾਥ ਨਿਭਾਉਂਦੇ ਰਹੇ। ਇਸੇ ਕਾਰਨ ਮੌਤ ਵੀ ਉਨ੍ਹਾਂ ਦਾ ਸਾਥ ਨਹੀਂ ਛੁਡਾ ਸਕੀ।
ਇਹ ਵੀ ਪੜ੍ਹੋ- ਇਟਲੀ 'ਚ ਦਸਤਾਰਧਾਰੀ ਸਿੱਖ ਨੇ ਰਚਿਆ ਇਤਿਹਾਸ, ਨਗਰ ਨਿਗਮ ਚੋਣਾਂ 'ਚ ਵੱਡੀ ਜਿੱਤ
ਉਨ੍ਹਾਂ ਦੇ ਪੁੱਤ ਨੇ ਭਾਵੁਕ ਹੁੰਦਿਆਂ ਦੱਸਿਆ,"ਮੰਮੀ-ਪਾਪਾ 50 ਸਾਲਾਂ ਤੋਂ ਇਕ ਦੂਜੇ ਦਾ ਹੱਥ ਫੜ ਕੇ ਚੱਲ ਰਹੇ ਸਨ ਤੇ ਹੁਣ ਉਨ੍ਹਾਂ ਨੂੰ ਇਕੱਠਿਆਂ ਮੌਤ ਆ ਗਈ ਤੇ ਉਹ ਸਵਰਗ ਨੂੰ ਹੱਥ ਵਿਚ ਹੱਥ ਪਾ ਕੇ ਗਏ ਹਨ।" ਪਰਿਵਾਰ ਨੇ ਅਪੀਲ ਕੀਤੀ ਕਿ ਲੋਕ ਕੋਰੋਨਾ ਨੂੰ ਮਜ਼ਾਕ ਨਾ ਸਮਝਣ ਇਹ ਸੱਚ-ਮੁੱਚ ਜ਼ਿੰਦਗੀ ਖਤਮ ਕਰਨ ਦੀ ਤਾਕਤ ਰੱਖਦਾ ਹੈ, ਜਿਵੇਂ ਸਾਡਾ ਪਰਿਵਾਰ ਉੱਜੜਿਆ ਹੈ, ਉਂਝ ਕਿਸੇ ਦਾ ਨਾ ਉੱਜੜੇ। ਇਹ ਪਰਿਵਾਰ ਸੈਲਿਸਬਰੀ ਵਿਚ ਰਹਿ ਰਿਹਾ ਹੈ। ਜੌਹਨੀ ਨੇ 17 ਸਾਲ ਫ਼ੌਜ ਦੀ ਨੌਕਰੀ ਕੀਤੀ ਤੇ ਕੁਝ ਸਾਲ ਪਹਿਲਾਂ ਹੀ ਰਿਟਾਇਰ ਹੋਏ ਸਨ।
ਪਰਿਵਾਰ ਨੇ ਦੱਸਿਆ ਕਿ ਜਦ ਪਹਿਲਾਂ ਡੈਰਲੀਨੇ ਦਾ ਕੋਰੋਨਾ ਟੈਸਟ ਨੈਗੇਟਿਵ ਆਇਆ ਪਰ ਅਗਲੇ ਦਿਨ ਦੀ ਰਿਪੋਰਟ ਵਿਚ ਉਹ ਪਾਜ਼ੀਟਿਵ ਪਾਈ ਗਈ। ਜੌਹਨੀ ਵਿਚ ਵੀ ਕੋਰੋਨਾ ਦੇ ਲੱਛਣ ਦਿਖਾਈ ਦੇ ਰਹੇ ਸਨ ਤੇ 11 ਅਗਸਤ ਨੂੰ ਦੋਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਦੋਵੇਂ ਪਹਿਲਾਂ ਹੀ ਕਈ ਬੀਮਾਰੀਆਂ ਦੇ ਸ਼ਿਕਾਰ ਸਨ, ਇਸ ਲਈ ਉਨ੍ਹਾਂ ਦੀ ਸਥਿਤੀ ਕੋਰੋਨਾ ਕਾਰਨ ਗੰਭੀਰ ਹੋ ਗਈ। ਡਾਕਟਰਾਂ ਨੇ ਉਨ੍ਹਾਂ ਨੂੰ ਇਕੱਠੇ ਇਕੋ ਕਮਰੇ ਵਿਚ ਰੱਖਿਆ ਤੇ ਦੋਹਾਂ ਦੇ ਹੱਥ ਫੜਿਆ ਦੀ ਆਖੜੀ ਤਸਵੀਰ ਹੁਣ ਵਾਇਰਲ ਹੋ ਰਹੀ ਹੈ।