ਚੀਨ : ਨੌਜਵਾਨਾਂ ''ਚ ਘਟਿਆ ਵਿਆਹ ਦਾ ਰੁਝਾਨ, ਰਿਕਾਰਡ ਗਿਰਾਵਟ ਦਰਜ

06/12/2023 5:13:48 PM

ਬੀਜਿੰਗ- ਚੀਨ ਵਿੱਚ 'ਵਿਆਹ' ਦੇ ਅੰਕੜੇ 2022 ਵਿੱਚ ਰਿਕਾਰਡ ਹੇਠਲੇ ਪੱਧਰ ਤੱਕ ਡਿੱਗ ਗਏ। ਅੰਕੜੇ ਪਿਛਲੇ ਦਹਾਕੇ ਦੌਰਾਨ ਵਿਆਹਾਂ ਵਿੱਚ ਲਗਾਤਾਰ ਗਿਰਾਵਟ ਨੂੰ ਦਰਸਾਉਂਦੇ ਹਨ। ਦੇਸ਼ 'ਚ ਸਖ਼ਤ ਕੋਵਿਡ ਤਾਲਾਬੰਦੀ ਕਾਰਨ ਵਿਆਹੁਤਾ ਅੰਕੜਿਆਂ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਸ ਸਬੰਧੀ ਕੁਝ ਅੰਕੜੇ ਸਿਵਲ ਅਫੇਅਰਜ਼ ਮੰਤਰਾਲੇ ਦੀ ਵੈੱਬਸਾਈਟ 'ਤੇ ਸਾਂਝੇ ਕੀਤੇ ਗਏ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪਿਛਲੇ ਸਾਲ ਸਿਰਫ਼ 68.3 ਲੱਖ ਜੋੜਿਆਂ ਨੇ ਆਪਣੇ ਵਿਆਹ ਰਜਿਸਟਰ ਕਰਵਾਏ। ਪਿਛਲੇ ਸਾਲ ਦੇ ਮੁਕਾਬਲੇ ਇਹ ਗਿਣਤੀ ਕਰੀਬ 8 ਲੱਖ ਘੱਟ ਹੈ।

ਰਾਜਧਾਨੀ ਬੀਜਿੰਗ ਸਮੇਤ ਦੇਸ਼ ਦੇ ਹੋਰ ਸ਼ਹਿਰਾਂ ਵਿੱਚ ਪਿਛਲੇ ਸਾਲ ਜ਼ੀਰੋ ਕੋਵਿਡ ਨੀਤੀ ਲਾਗੂ ਹੋਈ ਸੀ। ਇਸ ਕਾਰਨ ਕਰੋੜਾਂ ਲੋਕ ਹਫ਼ਤਿਆਂ ਤੱਕ ਘਰਾਂ ਵਿੱਚ ਬੰਦ ਰਹੇ। ਮੰਨਿਆ ਜਾ ਰਿਹਾ ਹੈ ਕਿ ਵਿਆਹੁਤਾ ਲੋਕਾਂ ਦੀ ਗਿਣਤੀ ਵਿੱਚ ਗਿਰਾਵਟ ਦਾ ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ। ਇਹ ਖ਼ਬਰ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਚੀਨ ਪਹਿਲਾਂ ਹੀ ਘਟਦੀ ਜਨਮ ਦਰ ਅਤੇ ਘਟਦੀ ਆਬਾਦੀ ਦਾ ਸਾਹਮਣਾ ਕਰ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ 2022 ਵਿੱਚ ਚੀਨ ਦੀ ਆਬਾਦੀ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਘਟੇਗੀ। ਇਹ ਗਿਰਾਵਟ ਦੇ ਲੰਬੇ ਸਮੇਂ ਦੀ ਸ਼ੁਰੂਆਤ ਹੋ ਸਕਦੀ ਹੈ, ਜਿਸਦਾ ਦੇਸ਼ ਦੀ ਆਰਥਿਕਤਾ ਅਤੇ ਵਿਸ਼ਵ ਲਈ ਪ੍ਰਭਾਵ ਪੈ ਸਕਦਾ ਹੈ।

ਚੀਨ ਜਨਮ ਦਰ ਵਿੱਚ ਗਿਰਾਵਟ ਤੋਂ ਪ੍ਰੇਸ਼ਾਨ 

ਚੀਨ ਦੀ ਜਨਮ ਦਰ ਪਿਛਲੇ ਸਾਲ ਘਟ ਕੇ ਪ੍ਰਤੀ 1,000 ਲੋਕਾਂ 'ਤੇ 6.77 'ਤੇ ਆ ਗਈ, ਜੋ ਕਿ 2021 ਵਿੱਚ 7.52 ਸੀ। ਇਸ ਦਾ ਮਤਲਬ ਹੈ ਕਿ ਚੀਨ ਅਮੀਰ ਹੋਣ ਤੋਂ ਪਹਿਲਾਂ ਬੁੱਢਾ ਹੋ ਸਕਦਾ ਹੈ। ਦਰਅਸਲ ਦੇਸ਼ ਵਿੱਚ ਕਰਮਚਾਰੀਆਂ ਦੀ ਗਿਣਤੀ ਸੁੰਗੜ ਰਹੀ ਹੈ ਅਤੇ ਸਥਾਨਕ ਸਰਕਾਰਾਂ ਨੂੰ ਬਜ਼ੁਰਗ ਆਬਾਦੀ 'ਤੇ ਵਧੇਰੇ ਖਰਚ ਕਰਨਾ ਪੈ ਰਿਹਾ ਹੈ। ਪਿਛਲੇ ਮਹੀਨੇ ਹੀ ਵਿਆਹਾਂ ਨੂੰ ਉਤਸ਼ਾਹਿਤ ਕਰਨ ਅਤੇ ਜਨਮ ਦਰ ਨੂੰ ਵਧਾਉਣ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਕਸਦ ਚੀਨ ਦੇ 20 ਤੋਂ ਵੱਧ ਸ਼ਹਿਰਾਂ ਵਿੱਚ ਵਿਆਹ ਅਤੇ ਬੱਚੇ ਦੇ ਜਨਮ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਹੈ। ਦੇਸ਼ ਦੇ ਕੁਝ ਹਿੱਸਿਆਂ ਵਿੱਚ ਨਵੇਂ ਵਿਆਹਿਆਂ ਨੂੰ ਵਿਆਹ ਦੀ ਛੁੱਟੀ ਦੌਰਾਨ ਵੀ ਤਨਖਾਹ ਦਿੱਤੀ ਜਾ ਰਹੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ 'ਕਿੰਗਮੇਕਰ' ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਦਾ ਦੇਹਾਂਤ

ਭਾਰਤ ਨੇ ਆਬਾਦੀ ਦੇ ਮਾਮਲੇ ਵਿੱਚ ਚੀਨ ਨੂੰ ਛੱਡਿਆ ਪਿੱਛੇ 

ਸੰਯੁਕਤ ਰਾਸ਼ਟਰ ਦੇ ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142.86 ਕਰੋੜ ਹੋ ਗਈ ਹੈ। ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ਵ ਆਬਾਦੀ ਡੈਸ਼ਬੋਰਡ ਅਨੁਸਾਰ ਚੀਨ ਦੀ ਆਬਾਦੀ 1425.7 ਮਿਲੀਅਨ ਹੈ। ਭਾਰਤ ਦੀ 25 ਫੀਸਦੀ ਆਬਾਦੀ 0-14 (ਸਾਲ) ਦੀ ਉਮਰ ਵਰਗ ਵਿਚ, 18 ਫੀਸਦੀ 10 ਤੋਂ 19 ਸਾਲ ਦੀ ਉਮਰ ਵਰਗ ਵਿਚ, 26 ਫੀਸਦੀ 10 ਤੋਂ 24 ਸਾਲ ਦੀ ਉਮਰ ਵਰਗ ਵਿੱਚ, 68 ਫੀਸਦੀ 15 ਤੋਂ 64 ਸਾਲ ਦੀ ਉਮਰ ਵਰਗ ਵਿੱਚ ਅਤੇ ਆਬਾਦੀ ਦਾ 7 ਪ੍ਰਤੀਸ਼ਤ 65 ਸਾਲ ਤੋਂ ਉੱਪਰ ਹੈ। ਵੱਖ-ਵੱਖ ਏਜੰਸੀਆਂ ਅਨੁਸਾਰ ਭਾਰਤ ਦੀ ਆਬਾਦੀ ਲਗਭਗ 3 ਦਹਾਕਿਆਂ ਤੱਕ ਵਧਦੀ ਰਹਿਣ ਦੀ ਉਮੀਦ ਹੈ। ਇਹ ਸਿਲਸਿਲਾ 165 ਕਰੋੜ ਤੱਕ ਪਹੁੰਚਣ ਤੋਂ ਬਾਅਦ ਹੀ ਘਟਣਾ ਸ਼ੁਰੂ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News